ਭਾਰਤ ਦੀ ਅਖੌਤੀ ਆਜ਼ਾਦੀ ਦੇ 72 ਵਰ੍ਹੇ ! : Dr. Amarjit Singh washington D.C
Submitted by Administrator
Saturday, 3 August, 2019- 06:53 am
ਭਾਰਤ ਦੀ ਅਖੌਤੀ ਆਜ਼ਾਦੀ ਦੇ 72 ਵਰ੍ਹੇ ! :  Dr. Amarjit Singh washington D.C


ਸਿੱਖਾਂ, ਮੁਸਲਮਾਨਾਂ, ਦਲਿਤਾਂ, ਆਦਿਵਾਸੀਆਂ 'ਤੇ ਜ਼ੁਲਮਾਂ 'ਚ ਬੇਤਹਾਸ਼ਾ ਵਾਧਾ!         ਭਾਰਤ ਨੂੰ ਹਿੰਦੂ-ਰਾਸ਼ਟਰ ਬਣਾਉਣ ਦੇ ਸੁਪਨਿਆਂ ਦੀ ਸੰਪੂਰਨਤਾ ਵੱਲ ਵਧਦਿਆਂ 15 ਅਗਸਤ, 2019 ਨੂੰ, ਭਾਰਤੀ ਹਾਕਮਾਂ ਅਤੇ ਉਨ੍ਹਾਂ ਦੇ ਵਿਦੇਸ਼ਾਂ ਵਿਚਲੇ ਹਾਈ ਕਮਿਸ਼ਨ, ਕੌਂਸਲੇਟ, ਅੰਬੈਸੀਆਂ ਅਤੇ ਉਹਨਾਂ ਦੇ ਦੁਮਛੱਲਿਆਂ ਵਲੋਂ ਅਖੌਤੀ ਭਾਰਤੀ ਆਜ਼ਾਦੀ ਦੀ 72ਵੀਂ ਵਰ੍ਹੇਗੰਢ ਬੜੀ ਸ਼ਾਨੋ-ਸ਼ੌਕਤ ਨਾਲ ਮਨਾਈ ਜਾਵੇਗੀ। ਦਿੱਲੀ ਦੇ ਤਖਤ 'ਤੇ ਬੈਠੇ ਹਿੰਦੂਤਵੀ ਹਾਕਮ ਸਮੁੱਚੇ ਭਾਰਤ ਵਾਸੀਆਂ ਨੂੰ ਹਿੰਦੂ ਬਣਾਉਣ ਲਈ ਕਿੰਨੇ ਕੁ ਕਾਹਲੇ ਹਨ, ਇਹ ਬੇਸਬਰੀ ਮੌਜੂਦਾ ਹਾਕਮਾਂ ਦੇ ਥਿੰਕ ਟੈਂਕ ਆਰ. ਐਸ. ਐਸ. ਦੇ ਮੁਖੀ ਮੋਹਣ ਭਾਗਵਤ ਸਮੇਤ ਸਾਧਵੀ ਪ੍ਰਾਚੀ, ਸ਼ਾਖਸੀ ਮਹਾਰਾਜ, ਰਾਜਨਾਥ ਸਿੰਘ ਆਦਿ ਦੇ ਬਿਆਨਾਂ ਤੋਂ ਜ਼ਾਹਰ ਹੋ ਰਹੀ ਹੈ। ਹਿੰਦੂਤਵੀਆਂ ਦਾ ਆਗੂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ, 15 ਅਗਸਤ ਨੂੰ ਮੁਗਲਾਂ ਵਲੋਂ ਬਣਾਏ ਗਏ ਲਾਲ ਕਿਲ੍ਹੇ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰੇਗਾ ਅਤੇ ਫੇਰ ਭਾਰਤ ਦੀਆਂ ਅਖੌਤੀ ਪ੍ਰਾਪਤੀਆਂ ਦਾ ਕਸੀਦਾ ਪੜ੍ਹਿਆ ਜਾਵੇਗਾ। ਇਹੋ ਹੀ ਵਿਧੀ ਦੇਸ਼-ਵਿਦੇਸ਼ ਦੇ ਭਾਰਤੀ ਦੂਤਵਾਸਾਂ ਅਤੇ ਕੌਂਸਲੇਟਾਂ ਵਿੱਚ ਦੋਹਰਾਈ ਜਾਵੇਗੀ। ਭਾਰਤ ਦੇ 'ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ' ਹੋਣ ਦਾ ਢੰਡੋਰਾ ਪੰਜਾਬੀ 'ਭੰਗੜੇ ਦੇ ਢੋਲ ਦੇ ਡਗੇ' ਨਾਲ ਪਾਇਆ ਜਾਵੇਗਾ। 15 ਅਗਸਤ ਬੀਤਣ ਬਾਅਦ, ਭਾਰਤੀ ਜ਼ਿੰਦਗੀ ਫੇਰ ਉਸੇ 'ਭ੍ਰਿਸ਼ਟਾਚਾਰ, ਗਰੀਬੀ ਅਤੇ ਦਮਨ-ਚੱਕਰ' ਵਿੱਚ ਨਿਰੰਤਰ ਜਾਰੀ ਰਹੇਗੀ।

          ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸੱਚਮੁੱਚ ਭਾਰਤ ਨੇ ਪਿਛਲੇ 72 ਵਰ੍ਹਿਆਂ ਵਿੱਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ? ਕੀ ਭਾਰਤ ਦੇ ਸਵਾ ਬਿਲੀਅਨ ਦੇ ਲਗਭਗ ਲੋਕਾਂ ਨੂੰ ਸੱਚਮੁੱਚ ਇਸ 'ਆਜ਼ਾਦੀ' ਨੇ ਕੋਈ ਨਿੱਘ ਦਿੱਤਾ ਹੈ? ਕੀ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਇਨ੍ਹਾਂ 72 ਵਰ੍ਹਿਆਂ ਵਿੱਚ ਸਰਕਾਰੀ ਅਤੇ ਬਹੁਗਿਣਤੀ ਦੇ ਵਰਤਾਰੇ ਤੋਂ ਸੰਤੁਸ਼ਟ ਹਨ? ਕੀ ਸੱਚਮੁੱਚ ਭਾਰਤ ਵਿੱਚ 'ਵਿਚਾਰਾਂ ਦੇ ਪ੍ਰਗਟਾਵੇ' ਸਮੇਤ, 'ਲੋਕਤੰਤਰੀ ਵਿਧਾਨ' ਵਾਲੇ ਹੱਕ ਹਨ? ਕੀ ਭਾਰਤ ਦੇ ਅਦਾਲਤੀ ਸਿਸਟਮ ਵਿੱਚੋਂ, ਘੱਟ ਗਿਣਤੀਆਂ, ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਲਈ ਇਨਸਾਫ ਨਿਕਲਦਾ ਹੈ? ਕੀ ਭਾਰਤ ਵਿੱਚ 'ਮੀਡੀਆ' ਸੱਚਮੁੱਚ ਆਜ਼ਾਦ ਹੈ? ਭਾਰਤੀ ਇਤਿਹਾਸ ਦੇ ਬੀਤੇ 72 ਵਰ੍ਹਿਆਂ 'ਤੇ ਇੱਕ ਸਰਸਰੀ ਝਾਤ ਮਾਰਿਆਂ ਹੀ ਉਪਰੋਕਤ ਸਾਰੇ ਸਵਾਲਾਂ ਦਾ ਜਵਾਬ ਬੜੀ ਮਜ਼ਬੂਤ 'ਨਾਂਹ' ਵਿੱਚ ਨਿਕਲੇਗਾ।

         ਭਾਰਤੀ ਸਿਸਟਮ, ਕਿਵੇਂ 'ਪੱਛੜਿਆ ਹੋਇਆ' ਅਤੇ 'ਫੇਲ੍ਹ ਸਿਸਟਮ' ਹੈ-ਇਸਦਾ ਦੱਬੀ ਅਵਾਜ਼ ਵਿੱਚ 'ਇਕਬਾਲ', ਭਾਰਤੀ ਲੀਡਰ ਸਮੇਂ-ਸਮੇਂ ਉਦੋਂ ਕਰਦੇ ਹਨ-ਜਦੋਂ ਕਿ ਉਹਨਾਂ ਦੇ ਸਾਹਮਣੇ ਪਿਛਲੇ 72 ਸਾਲਾਂ ਵਿੱਚ ਚੀਨ, ਜਪਾਨ, ਦੱਖਣੀ ਕੋਰੀਆ ਆਦਿ ਦੀ ਤਰੱਕੀ ਦੀਆਂ ਬੁਲੰਦੀਆਂ ਦਾ ਜ਼ਿਕਰ ਹੁੰਦਾ ਹੈ। ਪਰ ਭਾਰਤੀ ਹਾਕਮਾਂ ਦੇ ਇਸ ਪੈਂਤੜੇ ਨੂੰ 'ਫਰੇਬੀਪੁਣਾ' ਨਾ ਕਿਹਾ ਜਾਏ ਤਾਂ ਹੋਰ ਕੀ ਕਿਹਾ ਜਾਏ?

         ਭਾਰਤੀ ਜਬਰਤੰਤਰ ਦੇ ਪਿਛਲੇ 72 ਵਰ੍ਹਿਆਂ ਵਿੱਚ ਕਿੰਨੇ ਹੀ 'ਜਲਿਆਂਵਾਲੇ ਬਾਗ' ਵਰਤਾਏ ਗਏ ਹਨ ਅਤੇ ਲੱਖਾਂ ਲੋਕ ਮੌਤ ਦੇ ਘਾਟ ਉਤਾਰੇ ਗਏ ਹਨ ਪਰ ਇਹ ਸਭ 'ਹਿੰਦੂਤੰਤਰ' ਦਾ ਮਾਣਮੱਤਾ ਹਿੱਸਾ ਹੈ। ਸਿੱਖਾਂ, ਮੁਸਲਮਾਨਾਂ, ਦਲਿਤਾਂ, ਆਦਿਵਾਸੀਆਂ 'ਤੇ ਬੇਇੰਤਹਾ ਜ਼ੁਲਮ ਕੀਤੇ ਜਾ ਰਹੇ ਹਨ। ਭਾਰਤ ਆਪਣੇ ਆਪ ਨੂੰ ਲੋਕਤੰਤਰ ਵੀ ਅਖਵਾਉਂਦਾ ਹੈ ਅਤੇ ਨਾਲ ਹੀ ਆਪਣੇ ਹੀ ਲੋਕਾਂ 'ਤੇ ਅਣਮਨੁੱਖੀ ਜ਼ੁਲਮ ਵੀ ਕਰਦਾ ਹੈ। ਦਰਅਸਲ ਭਾਰਤ ਦੇ ਹਾਕਮਾਂ ਅਤੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਸੇ ਲੋਕਤੰਤਰ ਦੇਸ਼ ਦਾ ਸ਼ਹਿਰੀ ਜਾਂ ਨਾਗਰਿਕ ਅਖਵਾਉਣਾ ਕੀ ਹੁੰਦਾ ਹੈ? ਅਤੇ ਇੱਕ ਲੋਕਤੰਤਰ ਦੇਸ਼ ਦੇ ਸ਼ਹਿਰੀ ਦੀ ਕੀਮਤ ਕੀ ਹੁੰਦੀ ਹੈ?

         ਬੀਤੇ 72 ਵਰ੍ਹਿਆਂ ਦੌਰਾਨ, ਭਾਰਤੀ ਨਕਸ਼ੇ ਵਿੱਚ ਕੈਦ ਸਿੱਖ ਕੌਮ ਨਾਲ ਹੁੰਦੇ ਵਿਤਕਰਿਆਂ, 1980ਵਿਆਂ ਤੋਂ ਨਿਰੰਤਰ ਜਾਰੀ ਸਿੱਖ ਨਸਲਕੁਸ਼ੀ, ਸਿੱਖ ਇਤਿਹਾਸਕਤਾ ਦੀ ਤਬਾਹੀ, ਭਾਰਤੀ ਜਬਰ-ਤੰਤਰ ਅਤੇ ਭਾਰਤੀ ਮੀਡੀਏ ਦੇ ਸਿੱਖ-ਵਿਰੋਧੀ ਰੋਲ ਸਬੰਧੀ ਤਾਂ ਹੁਣ ਕਾਫੀ ਸਮੱਗਰੀ ਉਪਲਬਧ ਹੈ। ਜੇ ਤਾਜ਼ਾ ਗੱਲ ਕਰੀਏ ਤਾਂ ਸੈਂਕੜੇ ਸਿੱਖਾਂ ਦੀ ਝੂਠੇ ਕੇਸਾਂ 'ਚ ਨਜ਼ਰਬੰਦੀ ਅਤੇ ਹਰ ਰੋਜ਼ ਕਿਤੇ ਨਾ ਕਿਤਿਓਂ ਸਿੱਖ ਨੌਜਵਾਨਾਂ ਦੀ ਫੜੋ-ਫੜਾਈ ਤਾਜ਼ਾ ਹਮਲਿਆਂ ਦੀ ਉਦਾਹਰਣ ਹੈ। ਝੂਠੀਆਂ ਕਹਾਣੀਆਂ ਘੜ ਕੇ ਹਰ ਰੋਜ਼ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ। ਮੋਦੀ ਸਰਕਾਰ ਦੇ ਬਣਨ ਤੋਂ ਬਾਅਦ ਸਿੱਖਾਂ 'ਤੇ ਸਰਕਾਰੀ ਦਮਨ ਹੋਰ ਤੀਬਰ ਹੋਇਆ ਹੈ। ਧਰਮ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਭਾਰਤ ਸਰਕਾਰ ਲੋਕਾਂ ਦੀਆਂ ਨਜ਼ਰਾਂ 'ਚ ਅੱਤਵਾਦੀ ਬਣਾ ਕੇ ਪੇਸ਼ ਕਰ ਰਹੀ ਹੈ। ਹੋਰ ਤਾਂ ਹੋਰ, ਸਿੱਖਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀਂ। ਦਰਜਨਾਂ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਦੋਸ਼ੀ ਲੱਭੇ ਨਹੀਂ ਜਾ ਸਕੇ। ਇਸ ਸਾਜ਼ਿਸ਼ 'ਚ ਭਾਈਵਾਲ ਲੋਕਤੰਤਰ ਦਾ ਚੌਥਾ ਥੰਮ, ਮੀਡੀਆ ਵਿਚਲਾ ਵਿਕਾਊ ਮਾਲ ਸਰਕਾਰੀ ਝੂਠੀਆਂ ਕਹਾਣੀਆਂ ਨੂੰ ਪ੍ਰਮੁੱਖਤਾ ਨਾਲ ਛਾਪ ਰਿਹਾ ਹੈ। ਇਨ੍ਹਾਂ 72 ਵਰ੍ਹਿਆਂ ਦੇ ਭਾਰਤੀ ਰਾਜ ਵਰਤਾਰੇ ਨੇ, ਭਾਰਤ ਵਿੱਚ ਵਸਦੇ ਸਿੱਖਾਂ ਦੀ ਮਾਨਸਿਕਤਾ, ਉਹਨਾਂ ਦੇ ਸੋਚਣ ਢੰਗ, ਸਿੱਖ ਸੱਭਿਆਚਾਰ, ਸਿੱਖ ਆਤਮਿਕਤਾ, ਉਨ੍ਹਾਂ ਦੇ ਆਚਰਣਕ ਜੀਵਨ ਅਤੇ ਉਨ੍ਹਾਂ ਦਾ ਸਮੁੱਚੀ ਜੀਵਨ-ਜਾਂਚ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ -ਇਸ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ।

          ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਸਾਹਿਬ ਦੇ 1469 ਈਸਵੀ ਵਿੱਚ ਪ੍ਰਕਾਸ਼ ਹੋਣ ਤੋਂ ਲਗਭਗ ਸੱਤ ਸਦੀਆਂ ਪਹਿਲਾਂ, ਮੁਹੰਮਦ ਬਿਨ ਕਾਸਿਮ ਵਲੋਂ ਮੁਲਤਾਨ ਤੇ ਸਿੰਧ ਫਤਹਿ ਕਰਣ ਨਾਲ, ਇਸਲਾਮ ਧਰਮ ਉੱਤਰੀ ਭਾਰਤ ਵਿੱਚ ਆਪਣੀ ਹੋਂਦ ਸਥਾਪਤ ਕਰ ਚੁੱਕਾ ਸੀ। ਮਹਿਮੂਦ ਗਜ਼ਨਵੀ ਦੇ ਹਮਲਿਆਂ ਤੋਂ ਬਾਅਦ, ਗਿਆਰਵੀਂ ਸਦੀ ਦੇ ਆਰੰਭ ਵਿੱਚ, ਦਿੱਲੀ ਤਖਤ 'ਤੇ ਬਕਾਇਦਾ ਇਸਲਾਮਿਕ ਸ਼ਾਸ਼ਕਾਂ ਦਾ ਰਾਜ-ਭਾਗ ਸਥਾਪਤ ਹੋ ਗਿਆ ਸੀ।

          ਇਨ੍ਹਾਂ 'ਸਦੀਆਂ' ਦੀ ਇਸਲਾਮਿਕ ਗੁਲਾਮੀ ਨੇ, ਉਸ ਧਰਤੀ ਦੇ ਬਸ਼ਿੰਦਿਆਂ ਨੂੰ ਕਿਵੇਂ 'ਹੀਣੇ' ਅਤੇ 'ਬੌਣੇ' ਬਣਾਇਆ, ਇਸ ਦੇ ਸਬੂਤ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਵਿੱਚੋਂ ਹੀ ਸਪੱਸ਼ਟ ਮਿਲਦੇ ਹਨ। ਗੁਲਾਮੀ ਵਿੱਚ ਕੂੜ ਦੀ ਮੱਸਿਆ ਇੰਨੀ ਗਹਿਰੀ ਹੋ ਜਾਂਦੀ ਹੈ ਕਿ ਸੱਚ ਦਾ ਚੰਦਰਮਾ ਕਿਤੇ ਨਜ਼ਰੀਂ ਨਹੀਂ ਪੈਂਦਾ। ਰਾਜਿਆਂ ਦਾ ਕਸਾਈਪੁਣਾ, ਧਰਮ ਨੂੰ ਖੰਭ ਲਾ ਕੇ ਉੱਡਣ ਤੇ ਮਜ਼ਬੂਰ ਕਰ ਦੇਂਦਾ ਹੈ।

'ਕਲ ਕਾਤੀ, ਰਾਜੇ ਕਸਾਈ

ਧਰਮ ਪੰਖ ਕਰ ਉਡਰਿਆ।

ਕੂੜ ਅਮਾਵਸ, ਸੱਚ ਚੰਦਰਮਾ

ਦੀਸੈ ਨਾਹੀਂ ਕਹਿ ਚੜਿਆ।

ਹਉ ਭਾਲ ਵਿਕੁੰਨੀ ਹੋਈ,

ਆਧੇਰੈ ਰਾਹੁ ਨਾ ਕੋਈ।'

ਗੁਲਾਮ ਕੌਮਾਂ ਤੇ ਗੁਲਾਮ ਲੋਕ, ਹਨ੍ਹੇਰੇ ਵਿੱਚ ਰਹਿ ਰਹਿ ਕੇ 'ਅੰਨੇ' ਅਤੇ 'ਭ੍ਰਿਸ਼ਟ' ਹੋ ਜਾਂਦੇ ਹਨ -

'ਅੰਧੀ ਰਯਤ, ਗਿਆਨ ਵਿਹੂਣੀ,

ਭਾਹਿ ਭਰੇ ਮੁਰਦਾਰ।'

         ਕੀ 72 ਸਾਲ, ਭਾਰਤ ਦੇ ਨਕਸ਼ੇ ਵਿੱਚ ਕੈਦ ਰਹਿਣ ਵਾਲੀ ਸਿੱਖ ਕੌਮ, ਉਪਰੋਕਤ 'ਲੱਛਣਾਂ' ਦਾ ਸ਼ਿਕਾਰ ਨਹੀਂ ਹੋ ਚੁੱਕੀ?

         ਗੁਲਾਮ ਕੌਮਾਂ, ਆਪਣੇ 'ਮਾਲਕਾਂ' ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਨ ਲਈ ਹਾਕਮ ਜਮਾਤ ਦਾ ਪਹਿਰਾਵਾ, ਬੋਲੀ, ਖੁਰਾਕ ਅਤੇ ਸੱਭਿਆਚਾਰ ਸਭ ਕੁਝ ਅਪਣਾ ਲੈਂਦੀਆਂ ਹਨ, ਭਾਵੇਂ ਉਨ੍ਹਾਂ ਦੇ 'ਅੰਦਰਲੇ' ਵਲਵਲੇ 'ਕੁਝ ਹੋਰ' ਹਨ। ਇਸ ਤਰ੍ਹਾਂ ਗੁਲਾਮ ਲੋਕ 'ਦੰਭੀ' ਬਣ ਜਾਂਦੇ ਹਨ। 'ਗੁਲਾਮੀ' ਦੇ ਪ੍ਰਭਾਵਾਂ ਨੂੰ ਗੁਰੂ ਨਾਨਕ ਸਾਹਿਬ ਇਓਂ ਬਿਆਨਦੇ ਹਨ

1. 'ਨੀਲ ਬਸਤ੍ਰ ਪਹਿਰ ਹੋਵੇ ਪਰਵਾਨ'

2. 'ਖਤਰੀਆਂ ਤਾਂ ਧਰਮ ਛੋਡਿਆ

ਮਲੇਛ ਭਾਖਿਆ ਗਹੀ।'

3. 'ਅਭਾਖਿਆ ਕਾ ਕੁੱਠਾ ਬਕਰਾ ਖਾਣਾ'

4. 'ਘਰ-ਘਰ ਮੀਆਂ ਸਭਨਾ ਜੀਆਂ

ਬੋਲੀ ਅਵਰ ਤੁਹਾਰੀ'

5. 'ਅੰਤਰ ਪੂਜਾ, ਪੜਹਿ ਕਤੇਬਾ

ਸੰਜਮ ਤੁਰਕਾਂ ਭਾਈ।

         ਕੀ ਭਾਰਤ ਵਿੱਚ ਵਸਦੇ ਸਿੱਖਾਂ ਦੀ ਬਹੁਗਿਣਤੀ ਅੱਜ ਰਾਜਭਾਗ ਦੀ ਮਾਲਕ ਬਹੁਗਿਣਤੀ ਦੇ ਪਹਿਰਾਵੇ, ਸੱਭਿਆਚਾਰ, ਬੋਲੀ ਅਤੇ ਜੀਵਨ-ਜਾਂਚ ਨੂੰ 'ਅੱਖਾਂ ਮੀਟ ਕੇ' ਧੜਾ-ਧੜ ਨਹੀਂ ਅਪਣਾ ਰਹੀ। ਕੀ ਸਿੱਖ ਜਵਾਨੀ ਵਿਚਲਾ 'ਪਤਿਤਪੁਣਾ' ਸਿਰਫ 'ਪ੍ਰਚਾਰ' ਦੀ ਘਾਟ ਕਰਕੇ ਹੈ ਜਾਂ ਬਹੁਗਿਣਤੀ ਸੱਭਿਆਚਾਰ ਦੀ ਦੇਣ? ਗੁਰਬਾਣੀ ਯਾਦ ਕਰਵਾਉਂਦੀ ਹੈ- 'ਜਿਸਹੀ ਕੀ ਸਿਰਕਾਰ, ਤਿਸਹੀ ਕਾ ਸਭ ਕੋਇ।'

         ਭਾਵ ਜਿਹਨਾਂ ਦੀ ਸਰਕਾਰ ਹੁੰਦੀ ਹੈ, ਸਭ ਕੁਝ ਉਹਨਾਂ ਦਾ ਹੀ 'ਚਲਦਾ' ਹੈ।

© 2011 | All rights reserved | Terms & Conditions