ਸੀ.ਬੀ.ਆਈ ਦੀ ਸਾਂਝੀ ਕਲੋਜ਼ਰ ਰਿਪੋਰਟ ਦਾ ਕੱਚ-ਸੱਚ : ਐਡਵੋਕੇਟ ਜਸਪਾਲ ਸਿੰਘ ਮੰਝਪੁਰ
Submitted by Administrator
Saturday, 3 August, 2019- 07:01 am
ਸੀ.ਬੀ.ਆਈ ਦੀ ਸਾਂਝੀ ਕਲੋਜ਼ਰ ਰਿਪੋਰਟ ਦਾ ਕੱਚ-ਸੱਚ  : ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਸੀ.ਬੀ.ਆਈ ਦੀ ਸਾਂਝੀ ਕਲੋਜ਼ਰ ਰਿਪੋਰਟ ਦਾ ਕੱਚ-ਸੱਚ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਜਿਲ੍ਹਾ ਕਚਹਿਰੀਆਂ, ਪੰਜਾਬ।

੯੮੫੫੪-੦੧੮੪੩

         ਸੀ.ਬੀ.ਆਈ ਵਲੋਂ ੨੯ ਜੂਨ ੨੦੧੯ ਨੂੰ ਤਿਆਰ ਕੀਤੀ ਤੇ ੪ ਜੁਲਾਈ ੨੦੧੯ ਨੂੰ ਸੀ.ਬੀ.ਆਈ ਮੈਜਿਸਟ੍ਰੇਟ, ਮੋਹਾਲੀ ਦੀ ਅਦਾਲਤ ਵਿਚ ਸੀ.ਬੀ.ਆਈ ਨੂੰ ੨-੧੧-੨੦੧੫ ਦੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਜਾਂਚ ਲਈ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਤਿੰਨ ਕੇਸਾਂ ਦੀ ਸਾਂਝੀ ਕਲੋਜ਼ਰ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਜਿਸ ਸਬੰਧੀ ਪਹਿਲਾਂ ਤੋਂ ਮਿੱਥੀ ਹੋਈ ਕੇਸ ਦੀ ਤਰੀਕ ੨੩ ਜੁਲਾਈ ੨੦੧੯ ਨੂੰ ਵਿਚਾਰ ਹੋਣਾ ਸੀ ਪਰ ਇਸ ਦਰਮਿਆਨ ਵੱਖ-ਵੱਖ ਧਿਰਾਂ ਵਲੋਂ ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਸਬੰਧੀ ਦਰਖਾਸਤਾਂ ਦਾਖਲ ਕਰ ਦਿੱਤੀਆਂ ਗਈਆਂ ਜਿਸ ਸਬੰਧੀ ਨਿਬੇੜਾ ਕਰਦਿਆਂ ਕਲੋਜ਼ਰ ਰਿਪੋਰਟ ਸਬੰਧੀ ਫੈਸਲਾ ਤਿੰਨਾਂ ਮੁਕੱਦਮਿਆਂ ਦੇ ਸ਼ਿਕਾਇਤ ਕਰਤਾਵਾਂ ਵਲੋਂ ਜੇ ਉਹ ਚਾਹੁਣ ਤਾਂ ਇਸ ਸਬੰਧੀ ਪ੍ਰੋਟੈਸਟ ਪਟੀਸ਼ਨ ਦਾਖਲ ਕਰਨ ਲਈ ੨੩ ਅਗਸਤ ੨੦੧੯ ਲਈ ਮੁਲਤਵੀ ਕਰ ਦਿੱਤਾ ਗਿਆ।

          ਜਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ-ਘਰ ਚੋ ਚੋਰੀ ਕੀਤਾ ਗਿਆ ਸੀ ਜਿਸ ਸਬੰਧੀ ਥਾਣਾ ਬਾਜਾਖਾਨਾ ਵਿਚ ਮੁਕੱਦਮਾ ਨੰਬਰ ੬੩ ਤਰੀਕ ੨ ਜੂਨ ੨੦੧੫ ਦਰਜ਼ ਕੀਤਾ ਗਿਆ ਸੀ, ਬਾਅਦ ਵਿਚ ਗੁਰੂ ਸਾਹਿਬ ਜੀ ਦੇ ਸਰੂਪ ਦੀ ਚੋਰੀ ਦੀ ਜਿੰਮੇਵਾਰੀ ਲੈਂਦੇ ਇਸ਼ਤਿਹਾਰ ਲਗਾਏ ਗਏ ਸਨ ਜਿਸ ਸਬੰਧੀ ਮੁਕੱਦਮਾ ਨੰਬਰ ੧੧੭ ਤਰੀਕ ੨੫ ਸਤੰਬਰ ੨੦੧੫ ਦਰਜ਼ ਕੀਤਾ ਗਿਆ ਅਤੇ ਤੀਸਰਾ ਮੁਕੱਦਮਾ ਪਿੰਡ ਬਰਗਾੜੀ ਵਿਖੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਖਿੱਲਰੇ ਅੰਗ ਮਿਲਣ ਕਾਰਨ ਮੁਕੱਦਮਾ ਨੰਬਰ ੧੨੮ ਤਰੀਕ ੧੨ ਅਕਤੂਬਰ ੨੦੧੫ ਦਰਜ਼ ਕੀਤਾ ਗਿਆ ਸੀ ਅਤੇ ਇਹਨਾਂ ਤਿੰਨਾਂ ਮੁਕੱਦਮਿਆਂ ਦੀ ਜਾਂਚ ੨ ਨਵੰਬਰ ੨੦੧੫ ਨੂੰ ਸੀ.ਬੀ.ਆਈ ਨੂੰ ਸੌਂਪ ਦਿੱਤੀ ਗਈ ਸੀ ਜਿਸ ਨੇ ਪੰਜਾਬ ਪੁਲਿਸ ਵਲੋਂ ਹੋਰਨਾਂ ਕੇਸਾਂ ਵਿਚ ਗ੍ਰਿਫਤਾਰ ੧੦ ਵਿਅਕਤੀਆਂ ਵਿਚੋਂ ੩ ਡੇਰਾ ਸਿਰਸਾ ਪਰੇਮੀਆਂ ਨੂੰ ਇਹਨਾਂ ਤਿੰਨਾਂ ਕੇਸਾਂ ਵਿਚ ਨਾਮਜ਼ਦ ਕਰਕੇ ਜਾਂਚ ਸ਼ੁਰੂ ਕੀਤੀ ਸੀ ਅਤੇ ਅੰਤ ੪ ਜੁਲਾਈ ੨੦੧੯ ਨੂੰ ਇਹਨਾਂ ਤਿੰਨਾਂ ਕੇਸਾਂ ਦੀ ਸਾਂਝੀ ਕਲੋਜ਼ਰ ਰਿਪੋਰਟ ਅਦਾਲਤ ਵਿਚ ਦਾਖਲ ਕਰ ਦਿੱਤੀ ਜਿਸ ਵਿਚ ਸਾਂਝੀ ਕਲੋਜ਼ਰ ਰਿਪੋਰਟ ਦੇਣ ਦੇ ਮੁੱਖ ਰੂਪ ਵਿਚ ੩ ਆਧਾਰ ਬਣਾਏ ਗਏ ਹਨ:-

੧. ਕੋਈ ਮੌਕੇ ਦਾ ਗਵਾਹ ਨਹੀਂ ਮਿਲਿਆ।

੨. ਹੱਥ-ਲਿਖਤ ਦੇ ਮਾਹਰ, ਹੱਥਾਂ ਦੇ ਨਿਸ਼ਾਨਾਂ ਦੇ ਮਾਹਰ ਅਤੇ ਮਨੋਵਿਗਿਆਨਕ ਜਾਂਚ ਮਾਹਰਾਂ ਦੀਆਂ ਫੌਰੈਂਸਿਕ ਜਾਂਚ ਰਿਪੋਰਟਾਂ ਵਿਚ ਮੌਜੂਦਾਂ ਦੋਸ਼ੀਆਂ ਦੇ ਖਿਲਾਫ ਨਾ ਹੋਣਾ।

੩. ਪੰਜਾਬ ਸਰਕਾਰ ਵਲੋਂ ੬ ਸਤੰਬਰ ੨੦੧੮ ਦੇ ਨੋਟੀਫਿਕੇਸ਼ਨ ਦੁਆਰਾ ਸੀ.ਬੀ.ਆਈ ਤੋਂ ਜਾਂਚ ਵਾਪਸ ਲੈਣਾ।

          ਸਾਂਝੀ ਕਲੋਜ਼ਰ ਰਿਪੋਰਟ ਵਿਚ ੧੦੬ ਗਵਾਹਾਂ ਦੀ ਸੂਚੀ ਅਤੇ ੭੦ ਦਸਤਾਵੇਜਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਮੁੱਢਲੀ ਤਫਤੀਸ਼ ਵਿਚ ਸ਼ਾਮਲ ਕੀਤੇ ਵਿਅਕਤੀਆਂ ਨੂੰ ਮੁੜ ਜਾਂਚ ਵਿਚ ਸ਼ਾਮਲ ਕੀਤੇ ਜਾਣ ਦਾ ਵੀ ਜ਼ਿਕਰ ਹੈ ਪਰ ਕਈ ਗੱਲਾਂ ਅਜਿਹੀਆਂ ਵੀ ਹਨ ਜਿਹਨਾਂ ਸਬੰਧੀ ਨਾ ਤਾਂ ਪਹਿਲਾਂ ਮੀਡੀਏ ਵਿਚ ਚਰਚਾ ਹੋਈ ਹੈ ਅਤੇ ਨਾ ਹੀ ਸ਼ਾਇਦ ਆਮ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਹੈ।

         ਘਰੇਲੂ ਗੈਸ ਵਾਲਾ, ਨਰੇਗਾ ਮਜਦੂਰ ਤੇ ਖਰਬੂਜਿਆਂ ਵਾਲਾ?

         ਸੀ.ਬੀ.ਆਈ ਦੀ ਸਾਂਝੀ ਕਲੋਜ਼ਰ ਰਿਪੋਰਟ ਮੁਤਾਬਕ ੧ ਜੂਨ ੨੦੧੫ ਜਿਸ ਦਿਨ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ-ਘਰ ਚੋ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਹੋਣ ਬਾਰੇ ਸਵਰਨਜੀਤ ਕੌਰ ਪਤਨੀ ਗੋਰਾ ਸਿੰਘ ਗ੍ਰੰਥੀ ਨੂੰ ਦੋ ਬੱਚਿਆਂ ਲਵਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਸ਼ਾਮ ਕਰੀਬ ੪ ਵਜੇ ਦੱਸਿਆ ਸੀ।ਦੁਪਹਿਰ ਬਾਅਦ ਕਰੀਬ ੩ ਵਜੇ ਬੱਚੇ ਗੁਰਮਤ ਕਲਾਸ ਲਈ ਗੁਰੂ-ਘਰ ਪਹੁੰਚਣੇ ਸ਼ੁਰੂ ਹੋ ਗਏ ਸਨ।ਇਸ ਤੋਂ ਪਹਿਲਾਂ ਦੁਪਹਿਰ ੨ ਵਜੇ ਤੋਂ ਬਾਅਦ ਇੱਕ ਫਲ ਵੇਚਣ ਵਾਲੇ (ਖਰਬੂਜਿਆਂ ਵਾਲੇ) ਨੇ ਹੋਕਾ ਦੇਣ ਲਈ ਗੁਰੂ-ਘਰ ਦੇ ਦਰਬਾਰ ਹਾਲ ਦੇ ਸਪੀਕਰ ਦੀ ਵਰਤੋਂ ਕੀਤੀ ਸੀ ਜਿਸ ਨੂੰ ਦਰਬਾਰ ਹਾਲ ਵਿਚ ਗ੍ਰੰਥੀ-ਸਿੰਘ ਦੇ ਭਾਈ ਗੋਰਾ ਸਿੰਘ ਦਾ ਬੱਚਾ ਲਵਪ੍ਰੀਤ ਸਿੰਘ ਤੇ ਉਸਦਾ ਦੋਸਤ ਗੁਰਪ੍ਰੀਤ ਸਿੰਘ ਲੈ ਕੇ ਗਏ ਸਨ ਅਤੇ ਖਰਬੂਜਿਆਂ ਵਾਲੇ ਨੇ ਦੋਨਾਂ ਬੱਚਿਆਂ ਨੂੰ ਖਾਣ ਲਈ ਇਕ ਖਰਬੂਜਾ ਵੀ ਦਿੱਤਾ ਸੀ। ਸੋ ਸਵਾਲ ਉੱਠਦਾ ਹੈ ਕਿ ਕੀ ਉਸ ਖਰਬੂਜਿਆਂ ਵਾਲੇ ਨੂੰ ਕਦੀ ਸ਼ਾਮਲ ਤਫਤੀਸ਼ ਕੀਤਾ ਗਿਆ ਜਾਂ ਨਹੀਂ ? ਅੱਜ ਤੱਕ ਇਸ ਸਬੰਧੀ ਪੰਜਾਬ ਪੁਲਿਸ ਜਾਂ ਮੀਡੀਆ ਵਲੋਂ ਕੋਈ ਗੱਲ ਕਿਉਂ ਨਹੀਂ ਕੀਤੀ ? ੧ ਜੂਨ ੨੦੧੫ ਨੂੰ ਉਸ ਗੁਰੂ-ਘਰ ਵਿਚ ਸਵੇਰੇ ੧੧ ਵਜੇ ਘਰੇਲੂ ਗੈਸ ਵਾਲੇ ਨੇ ਵੀ ਹੋਕਾ ਦੇਣ ਲਈ ਗੁਰੂ-ਘਰ ਦੇ ਸਪੀਕਰ ਦੀ ਵਰਤੋਂ ਕੀਤੀ ਸੀ ਅਤੇ ਨਰੇਗਾ ਮਜਦੂਰ ਗੁਰੂ-ਘਰ ਦੀ ਸਫਾਈ ਸਵੇਰ ਤੋਂ ਕਰ ਰਹੇ ਸਨ ਜਿਹਨਾਂ ਕੋਲ ਰੰਬੇ, ਦਾਤੀਆਂ, ਕਹੀਆਂ ਆਦਿ ਸੰਦ ਸਨ ਜੋ ਦੁਪਹਿਰ ਦੀ ਰੋਟੀ ੧ ਵਜੇ ਖਾ ਕੇ ਦੋਬਾਰਾ ੨ ਵਜੇ ਕੰਮ ਕਰਨ ਗੁਰੂ-ਘਰ ਪੁੱਜ ਗਏ ਸਨ।

           ਜੇ ਗੁਰੂ-ਘਰ ਦੇ ਸਾਹਮਣਲੀਆਂ ਦੁਕਾਨਾਂ ਵਾਲਿਆਂ ਦੇ ਦੱਸਣ ਮੁਤਾਬਕ ਕੋਈ ਅਣਸੁਖਾਂਵੀਂ ਜਾਂ ਸ਼ੱਕੀ ਗੱਲ ਨਹੀਂ ਵਾਪਰੀ ਤਾਂ ਕੀ ਇਸ ਗੱਲ ਦੀ ਜਾਂਚ ਕੀਤੀ ਗਈ ਕਿ ਕੀ ਗੁਰੂ ਸਾਹਿਬ ਜੀ ਦਾ ਸਰੂਪ ਗੁਰੂ ਘਰ ਵਿਚੋਂ ਕੌਣ ਜਾਂ ਕਿਵੇ ਲੈ ਗਿਆ ? ਜਾਂ ਕੀ ਗੁਰੂ ਸਾਹਿਬ ਜੀ ਦਾ ਸਰੂਪ ਗੁਰੂ-ਘਰ ਵਿਚੋਂ ਬਾਹਰ ਗਿਆ ਵੀ ਸੀ ਜਾਂ ਕੋਈ ਇੱਕੱਲੇ ਅੰਗ ਪਾੜ ਕੇ ਲੈ ਗਿਆ? ਜਾਂ ਅੰਗ ਪਾੜਨ ਅਤੇ ਸਰੂਪ ਚੋਰੀ ਹੋਣ ਦੀਆਂ ਘਟਨਾਵਾਂ ਉਸ ਦਿਨ ਵੱਖ-ਵੱਖ ਸਮੇਂ ਕੀਤੀਆਂ ਗਈਆਂ? ਇਹ ਗੱਲ ਵੀ ਹੈ ਕਿ ਗੁਰੂ-ਘਰ ਦੇ ਸਾਹਮਣੇ ਦੁਕਾਨ ਵਾਲੇ ਗੁਰਦੇਵ ਇੰਸਾਂ ਦਾ ਕਤਲ ਸਿੱਖ ਨੌਜਵਾਨਾਂ ਵਲੋਂ ਉਸਨੂੰ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਕਰਣ/ਕਰਵਾਉਂਣ ਦੇ ਦੋਸ਼ਾਂ ਤਹਿਤ ਹੀ ਕੀਤਾ ਗਿਆ ਸੀ।

          ਡੇਰਾ ਸਿਰਸਾ ਹਲਾਤਾਂ ਮੁਤਾਬਕ ਦੋਸ਼ੀ?

          ਸੀ.ਬੀ.ਆਈ ਨੇ ਆਪਣੀ ਸਾਂਝੀ ਕਲੋਜ਼ਰ ਰਿਪੋਰਟ ਵਿਚ ਇਸ ਗੱਲ ਦਾ ਵਿਸ਼ੇਸ਼ ਜਿਕਰ ਕੀਤਾ ਹੈ ਕਿ ਇਹਨਾਂ ਘਟਨਾਵਾਂ ਸਬੰਧੀ ਕੋਈ ਮੌਕੇ ਦਾ ਗਵਾਹ ਨਹੀਂ ਮਿਲਿਆ ਅਤੇ ਸ਼ਾਇਦ ਸੀ.ਬੀ.ਆਈ ਨੇ ਜਾਣ-ਬੁੱਝ ਕੇ ਆਣਜਾਣਤਾ ਕੀਤੀ ਹੈ ਕਿਉਂਕਿ ਜਿਹਨਾਂ ਕੇਸਾਂ ਵਿਚ ਮੌਕੇ ਦਾ ਕੋਈ ਗਵਾਹ ਨਹੀਂ ਮਿਲਦਾ ਉੱਥੇ ਹਲਾਤਾਂ ਮੁਤਾਬਕ ਜਾਂਚ ਕੀਤੀ ਜਾਂਦੀ ਹੈ ਅਤੇ ਦੋਸ਼ੀ ਨਾਮਜ਼ਦ ਕੀਤੇ ਜਾਂਦੇ ਹਨ। ਹਲਾਤ ਇਹ ਦਰਸਾਉਂਦੇ ਹਨ ਕਿ ਡੇਰਾ ਸਿਰਸਾ ਤੇ ਸਿੱਖਾਂ ਵਿਚਕਾਰ ੨੦੦੭ ਵਿਚ ਡੇਰਾ ਸਿਰਸਾ ਮੁਖੀ ਵਲੋਂ ਦਸਮ ਪਾਤਸ਼ਾਹ ਦਾ ਸਵਾਂਗ ਰਚਣ ਤੋਂ ਟਕਰਾਅ ਸੀ ਜਿਸ ਕਾਰਨ ਡੇਰਾ ਸਿਰਸਾ ਮੁਖੀ ਪੰਜਾਬ ਵਿਚ ਨਹੀਂ ਸੀ ਆ ਸਕਿਆ। ਉਸ ਨੂੰ ਮਾਰਨ ਲਈ ਵੀ ਸਿੱਖ ਨੌਜਵਾਨਾਂ ਦੇ ਬਲਾਸਟ ਵੀ ਕੀਤਾ। ਉਸਦੇ ਪ੍ਰੇਮੀ ਪੰਜਾਬ,ਭਾਰਤ ਤੇ ਵਿਦੇਸ਼ਾਂ ਵਿਚ ਘੱਟ ਰਹੇ ਸਨ ਜਿਸ ਲਈ ਉਹ ਸਿੱਖਾਂ ਨੂੰ ਦੋਸ਼ੀ ਮੰਨਦਾ ਸੀ। ਸਿੱਖ ਉਸਦੀ ਹਰ ਚੀਜ਼ ਦਾ ਹਰ ਥਾਂ ਵਿਰੋਧ ਕਰ ਰਹੇ ਸਨ। ਉਸਦੀਆਂ ਬੇਹੁਦਾ ਫਿਲਮਾਂ ਦਾ ਵੀ ਵਿਰੋਧ ਸਿੱਖਾਂ ਨੇ ਹੀ ਕੀਤਾ ਤਾਂ ਫਿਰ ਉਸਨੇ ਵੱਡੀ ਸਾਜ਼ਿਸ਼ ਤਹਿਤ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ।ਘਟਨਾਵਾਂ ਦੀਆਂ ਤਰੀਕਾਂ ਹਲਾਤਾਂ ਦੀ ਗਵਾਹੀ ਡੇਰਾ ਸਿਰਸਾ ਨੂੰ ਦੋਸ਼ੀ ਸਿੱਧ ਕਰਦੀਆਂ ਹਨ ਜਿਸ ਤਹਿਤ ੧ ਜੂਨ ੨੦੧੫ ਨੂੰ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਹੋਣਾ। ੧ ਜੂਨ ਨੂੰ ਹੀ ਉਸ ਗੁਰੁ-ਘਰ ਵਿਚ ਸ਼ੱਕੀਆਂ ਦਾ ਬਾਰ-ਬਾਰ ਆਉਂਣਾ, ਗੁਰੂ-ਘਰ ਸਾਹਮਣੇ ਡੇਰਾ ਪ੍ਰੇਮੀ ਗੁਰਦੇਵ ਇੰਸਾਂ ਦੀ ਦੁਕਾਨ ਜਿਸ ਦਾ ਕਤਲ ਬਾਅਦ ਵਿਚ ਨੌਜਵਾਨਾਂ ਨੇ ਆਪਣੇ ਤੌਰ ਤੇ ਕੀਤੀ ਜਾਂਚ ਮੁਤਾਬਕ ਉਸਨੂੰ ਦੋਸ਼ੀ ਮੰਨ ਕੀਤਾ। ੧੮ ਸਤੰਬਰ ੨੦੧੫ ਨੂੰ ਡੇਰਾ ਸਿਰਸਾ ਮੁਖੀ ਦੀ ਫਿਲਮ ਪੰਜਾਬ ਤੋਂ ਇਲਾਵਾ ਭਾਰਤ ਵਿਚ ਰਿਲੀਜ਼ ਹੋਣਾ, ਡੇਰਾ ਪਰੇਮੀਆਂ ਵਲੋਂ ਧਰਨੇ ਮੁਜ਼ਾਹਰੇ, ੨੩ ਸਤੰਬਰ ਨੂੰ ਪੰਜਾਬ ਵਿਚ ਵੀ ਡੇਰਾ ਸਿਰਸਾ ਮੁਖੀ ਦੀ ਫਿਲਮ ਰਿਲੀਜ਼ ਹੋਣਾ, ੨੪/੨੫ ਸਤੰਬਰ ੨੦੧੫ ਨੂੰ ਡੇਰਾ ਸਿਰਸਾ ਪਰੇਮੀਆਂ ਵਲੋਂ ਧਮਕੀ ਭਰੇ ਇਸ਼ਤਿਹਾਰ ਲਾਉਂਣੇ, ੨੪ ਸਤੰਬਰ ੨੦੧੫ ਨੂੰ ਡੇਰਾ ਸਿਰਸਾ ਮੁਖੀ ਨੂੰ ੨੦੦੭ ਦੀ ਘਟਨਾ ਲਈ ਬੇਅਣਖੇ ਜਥੇਦਾਰਾਂ ਵਲੋਂ ਮੁਆਫੀ ਦੇਣੀ, ੧੨ ਅਕਤੂਬਰ ੨੦੧੫ ਨੂੰ ਗੁਰੂ ਸਾਹਿਬ ਜੀ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿਚ ਖਿੱਲਰੇ ਮਿਲਣੇ ਤੇ ੧੭ ਅਕਤੂਬਰ ੨੦੧੫ ਨੂੰ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਖਾਰਜ਼ ਹੋਣੀ। ਇਹ ਸਾਰੀਆਂ ਘਟਨਾਵਾਂ ਤੇ ਹਲਾਤ ਇਸ ਗੱਲ ਵਾਲਾ ਸਿੱਧਾ ਇਸ਼ਾਰਾ ਕਰਦੇ ਹਨ ਕਿ ਇਹ ਸਭ ਕੁਝ ਬਹੁਤ ਵੱਡੀ ਸਾਜ਼ਿਸ਼ ਤਹਿਤ ਹੋਇਆ ਹੈ ਅਤੇ ਇਸ ਦੇ ਸੂਤਰਧਾਰ ਡੇਰਾ ਸਿਰਸਾ ਮੁਖੀ ਨੂੰ ਇਸ ਸਬੰਧੀ ਕੋਈ ਪੁੱਛ-ਪੜਤਾਲ ਹੀ ਨਹੀਂ ਕੀਤੀ ਗਈ ਜਦ ਕਿ ਉਸਨੂੰ ਪੁਲਿਸ ਰਿਮਾਂਡ ਵਿਚ ਲੈ ਕੇ ਹੀ ਸਭ ਕੁਝ ਉਜਾਗਰ ਹੋ ਸਕਦਾ ਹੈ ਕਿ ਉਸ ਵਲੋਂ ਇਹਨਾਂ ਤਿੰਨ ਘਟਨਾਵਾਂ ਲਈ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਸਨ? ਹੋ ਸਕਦਾ ਹੈ ਕਿ ਉਹਨਾਂ ਟੀਮਾਂ ਦਾ ਆਪਸੀ ਕੋਈ ਸਬੰਧ ਨਾ ਹੀ ਹੋਵੇ? ਇਹ ਵੀ ਹੋ ਸਕਦਾ ਹੈ ਕਿ ਕੰਮ ਕਰਵਾਇਆ ਕਿਸੇ ਕੋਲੋਂ ਹੋਵੇ ਤੇ ਇੰਕਸਾਫ ਕਿਸੇ ਹੋਰ ਤੋਂ ਕਰਵਾ ਦਿੱਤੇ ਹੋਣ ਜਿਸ ਨਾਲ ਵਿਗਿਆਨਕ ਜਾਂਚ ਵਿਚ ਕੋਈ ਸਬੂਤ ਨਾ ਬਣੇ?

          ਬੇਅੰਤ ਸੁਨਿਆਰੇ ਤੋਂ ਅੰਗ ੧੧੫ ਦੀ ਬਰਾਮਦਗੀ ?

          ਪਿੰਡ ਬਰਗਾੜੀ ਦੀਆਂ ਗਲੀਆਂ ਵਿਚ ੧੨ ਅਕਤੂਬਰ ੨੦੧੫ ਨੂੰ ਗੁਰੂ ਸਾਹਿਬ ਜੀ ਦੇ ਅੰਗ ਮਿਲਣ ਤੋਂ ਬਾਅਦ ੧੭ ਅਕਤੂਬਰ ੨੦੧੫ ਨੂੰ ਪਿੰਡ ਕੋਟ ਸੁੱਖੇ ਦੇ ਬੇਅੰਤ ਸੁਨਿਆਰੇ ਕੋਲੋਂ ਪੁਲਿਸ ਨੇ ਗੁਰੂ ਸਾਹਿਬ ਜੀ ਦੇ ਅੰਗ ੧੧੫ ਦੀ ਬਰਾਮਦਗੀ ਕੀਤੀ। ਇਸ ਵਿਅਕਤੀ ਕੋਲ ਗੁਰੂ ਸਾਹਿਬ ਜੀ ਦਾ ਅੰਗ ਕਿਵੇਂ ਪਹੁੰਚਾ ? ਇਹ ਤੱਥ ਵੀ ਜਾਂਚ ਦੀ ਮੰਗ ਕਰਦਾ ਹੈ।

         ਸਾਂਝੀ ਕਲੋਜ਼ਰ ਰਿਪੋਰਟ ਦਾ ਬਣੇਗਾ ਕੀ?

         ਸਭ ਦੇ ਮਨ ਵਿਚ ਇਹੀ ਸਵਾਲ ਹੈ ਕਿ ਕੀ ਹੁਣ ਬੇਅਦਬੀ ਦੇ ਉਕਤ ਤਿੰਨੋਂ ਕੇਸ ਖਤਮ ਹੋ ਗਏ ਹਨ? ਪਰ ਅਜਿਹਾ ਨਹੀਂ ਹੈ। ਇਕ ਗੱਲ ਤਾਂ ਸਪੱਸ਼ਟ ਹੈ ਕਿ ਇਹਨਾਂ ਕੇਸਾਂ ਦੀ ਜਾਂਚ ਹੁਣ ਸੀ.ਬੀ.ਆਈ ਨਹੀਂ ਕਰੇਗੀ ਅਤੇ ਨਾ ਹੀ ਇਹ ਕੇਸ ਸੀ.ਬੀ.ਆਈ ਆਦਾਲਤ ਵਿਚ ਚੱਲ ਸਕਦਾ ਹੈ। ਸੀ.ਬੀ.ਆਈ ਕੋਲੋਂ ਹੀ ਜਦੋਂ ਜਾਂਚ ਵਾਪਸ ਲੈ ਲਈ ਗਈ ਹੈ ਤਾਂ ਹੁਣ ਕੇਸ ਸੀ.ਬੀ.ਆਈ ਮੈਜਿਸਟ੍ਰੇਟ ਮੋਹਾਲੀ ਵਲੋਂ ਉਸੇ ਤਰ੍ਹਾਂ ਫਾਈਲ ਵਾਪਸ ਫਰੀਦਕੋਟ ਅਦਾਲਤ ਵਿਚ ਭੇਜ ਦੇਵੇਗੀ ਜਿਸ ਤਰ੍ਹਾਂ ਫਾਈਲ ੨੦੧੫ ਵਿਚ ਸੀ.ਬੀ.ਆਈ ਨੂੰ ਜਾਂਚ ਮਿਲਣ ਤੋਂ ਬਾਅਦ ਫਰੀਦਕੋਰਟ ਅਦਾਲਤ ਵਲੋਂ ਸੀ.ਬੀ.ਆਈ ਮੈਜਿਸਟ੍ਰੇਟ ਮੋਹਾਲੀ ਨੂੰ ਭੇਜੀ ਗਈ ਸੀ ਅਤੇ ਜਾਂਚ ਦੀ ਫਾਈਲ ਵੀ ਸੀ.ਬੀ.ਆਈ ਵਲੋਂ ਮੁੜ ਪੰਜਾਬ ਪੁਲਿਸ ਨੂੰ ਵਾਪਸ ਮਿਲ ਜਾਵੇਗੀ।ਦੇਖਣਾ ਇਹ ਹੈ ਕਿ ਹੁਣ ਪੰਜਾਬ ਸਰਕਾਰ ਤੇ ਪੁਲਸ ਇਹਨਾਂ ਕੇਸਾਂ ਨੂੰ ਕਿਸ ਪਾਸੇ ਵੱਲ ਲੈ ਕੇ ਜਾਵੇਗੀ? ਵੈਸੇ ਇਸ ਮੁਲਕ ਵਿਚ ਸਿੱਖਾਂ ਨੂੰ ਨਿਆਂ ਦੀ ਆਸ ਜਿਆਦਾ ਨਹੀਂ ਪਰ ਫਿਰ ਵੀ ਕੌਮਾਂਤਰੀ ਭਾਈਚਾਰੇ ਅੱਗੇ ਰੱਖਣ ਲਈ ਸਾਨੂੰ ਇਸ ਸਭ ਕਾਸੇ ਵਿਚੋਂ ਲੰਘਣਾ ਹੀ ਪੈਣਾ ਹੈ। ਅਸਲ ਗੱਲ ਤਾਂ ਇਹ ਹੈ ਕਿ ਖਾਲਸਾ ਨਿਆਂ-ਸ਼ਾਸਤਰ ਦੇ ਲਾਗੂ ਹੋਣ ਨਾਲ ਹੀ ਇਨਸਾਫ ਮਿਲ ਸਕਦਾ ਹੈ।

ਬਾਜਾਂ ਵਾਲਾ ਆਪ ਸਹਾਈ ਹੋਵੇ।

-੦-

© 2011 | All rights reserved | Terms & Conditions