ਚੰਦੂ ਨੂੰ ਦੋਸ਼ਮੁਕਤ ਕਰਨ ਵਾਲੀ ਸੁਸ਼ਮਾ ਸਵਰਾਜ
Submitted by Administrator
Monday, 12 August, 2019- 04:20 am
ਚੰਦੂ ਨੂੰ ਦੋਸ਼ਮੁਕਤ ਕਰਨ ਵਾਲੀ ਸੁਸ਼ਮਾ ਸਵਰਾਜ

        ਇਤਿਹਾਸ ਦੇ ਪੰਨਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਤੋਂ ਤੇਰਾਂ ਸਾਲ ਪਹਿਲਾਂ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਦਾ 400 ਸਾਲਾ ਦਿਨ ਮਨਾਇਆ ਤਾਂ ਬਾਦਲ ਨੇ ਆਰ. ਐਸ. ਐਸ. ਦੇ ਏਜੰਡੇ 'ਤੇ ਅਮਲ ਕਰਦਿਆਂ ਫ਼ਿਰਕੂ ਹਿੰਦੂ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਲੀਡਰ ਸੁਸ਼ਮਾ ਸਵਰਾਜ ਨੂੰ ਵੀ ਸੱਦਿਆ।

        ਇਸ ਸੁਸ਼ਮਾ ਸਵਰਾਜ ਨੇ ਆਪਣੀ ਸਿੱਖ ਦੁਸ਼ਮਣੀ ਦਾ ਇਜ਼ਹਾਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਸ਼ਤਾਬਦੀ ਦੇ ਤਰਨਤਾਰਨ ਵਾਲੇ ਸਮਾਗਮ ਵਿਚ ਵੀ ਕੀਤਾ ਅਤੇ ਇਕ ਹਿੰਦੂ ਚੰਦੂ ਲਾਲ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਦੇ ਮੁਜਰਮਾਂ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਸੁਸ਼ਮਾ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਦੀ ਸ਼ਹੀਦੀ ਪਿੱਛੇ ਸਿਰਫ਼ ਜਹਾਂਗੀਰ ਹੀ ਸੀ ਅਤੇ ਚੰਦੂ ਦਾ ਕੋਈ ਰੋਲ ਨਹੀਂ ਸੀ। ਇਹ ਗੱਲ ਗ਼ੌਰ ਕਰਨ ਵਾਲੀ ਹੈ ਕਿ ਇਸ ਨੁਕਤੇ 'ਤੇ ਸੁਸ਼ਮਾ ਸਵਰਾਜ ਦੀ ਸਿੱਖ ਦੁਸ਼ਮਣੀ ਉਸ ਦੀ ਨਿੱਜੀ ਨਹੀਂ ਸੀ ਬਲ ਕਿ ਆਰ. ਐਸ. ਐਸ. ਦੇ ਏਜੰਡੇ ਦਾ ਇਕ ਹਿੱਸਾ ਸੀ। ਇਸੇ ਕੜੀ ਦਾ ਹਿੱਸਾ ਸੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਮਈ 2010 ਵਿਚ ਚੱਪੜ ਚਿੜੀ ਵਿਚ ਸਿੱਖਾਂ ਦੀ ਸਟੇਜ 'ਤੋਂ ਬੰਦਾ ਸਿੰਘ ਬਹਾਦਰ ਨੂੰ ਸਿੱਖੀ ਤੋਂ ਵੀ ਖ਼ਾਰਜ ਕਰ ਕੇ ਬੰਦਾ ਬੈਰਾਗੀ ਕਹਿ ਗਏ।

        ਇਤਿਹਾਸ ਬੋਲਦਾ ਕਿ ਕਲਾਨੌਰ ਦਾ ਇਕ ਚੰਦੂ ਲਾਲ ਨਾਂ ਦਾ ਬੰਦਾ ਮੁਗ਼ਲਾਂ ਦਾ ਜੀਅ ਹਜ਼ੂਰ ਸੀ; ਉਸ ਨੂੰ ਲਾਹੌਰ ਦੇ ਸੂਬੇਦਾਰ ਨੇ ਦੀਵਾਨ ਦਾ ਅਹੁਦਾ ਦਿੱਤਾ ਹੋਇਆ ਸੀ; ਇਹ ਅਹੁਦਾ ਅਮੀਰ-ਵਜ਼ੀਰ ਵਰਗਾ ਹੁੰਦਾ ਹੈ। ਉਸ ਬਾਰੇ ਇਕ ਗੱਲ ਆਮ ਸੋਮਿਆਂ ਵਿਚ ਮਿਲਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਸਪੁੱਤਰ (ਗੁਰੂ) ਹਰਿਗੋਬਿੰਦ ਸਾਹਿਬ ਵਾਸਤੇ ਉਸ ਦੀ ਧੀ ਦਾ ਰਿਸ਼ਤਾ ਸੰਗਤਾਂ ਦੇ ਆਖਣ 'ਤੇ ਕਬੂਲ ਨਹੀਂ ਕੀਤਾ ਸੀ। ਉਹ ਉਸ ਦਿਨ ਤੋਂ ਹੀ ਗੁਰੂ ਸਾਹਿਬ ਅਤੇ ਸਿੱਖਾਂ ਨਾਲ ਖ਼ਾਰ ਖਾਂਦਾ ਸੀ ਤੇ ਬਦਲਾ ਲੈਣ ਵਾਸਤੇ ਮੌਕੇ ਲੱਭਦਾ ਰਹਿੰਦਾ ਸੀ।

        ਇਨ੍ਹਾਂ ਸੋਮਿਆਂ ਮੁਤਾਬਿਕ ਇਸ ਚੰਦੂ ਨੇ ਹੀ ਸ਼ਿਕਾਇਤਾਂ ਲਾ ਕੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਕਰਵਾਈ ਸੀ। ਜਹਾਂਗੀਰ ਨੇ ਗੁਰੂ ਜੀ ਨੂੰ 'ਯਾਸਾ' ਦੇ ਘੋਰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਸੁਣਾਈ। ਗੁਰੂ ਜੀ ਨੂੰ ਇਹ ਤਸੀਹੇ ਦੇਣ ਦੀ ਡਿਊਟੀ ਲਾਹੌਰ ਦੇ ਫ਼ੌਜਦਾਰ ਮੁਰਤਜ਼ਾ ਖ਼ਾਨ ਨੇ ਚੰਦੂ ਲਾਲ ਦੀ ਲਾਈ ਸੀ। ਚੰਦੂ ਦਾ ਰੋਲ ਏਥੇ ਹੀ ਖ਼ਤਮ ਨਹੀਂ ਹੋ ਗਿਆ; ਗੁਰੂ ਜੀ ਦੀ ਸ਼ਹੀਦੀ ਮਗਰੋਂ ਵੀ ਚੰਦੂ ਸਿੱਖਾਂ ਦੇ ਖ਼ਿਲਾਫ਼ ਮੁਗ਼ਲ ਹਾਕਮਾਂ ਦੇ ਕੰਨ ਭਰਦਾ ਰਹਿੰਦਾ ਸੀ।

         ਅਕਤੂਬਰ 1618 ਵਿਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕੀਤੇ ਗਏ ਤਾਂ ਇਸ ਮਗਰੋਂ ਦੋ ਵਾਰ ਉਨ੍ਹਾਂ ਦੀ ਮੁਲਾਕਾਤ ਜਹਾਂਗੀਰ ਨਾਲ ਹੋਈ, 27 ਜਨਵਰੀ 1619 ਦੇ ਦਿਨ ਗੋਇੰਦਵਾਲ ਵਿਚ ਅਤੇ 8 ਫ਼ਰਵਰੀ 1619 ਦੇ ਦਿਨ ਕਲਾਨੌਰ ਵਿਚ। ਕਲਾਨੌਰ ਦੀ ਮੀਟਿੰਗ ਵਿਚ ਜਹਾਂਗੀਰ ਨਾਲ ਲੰਮੀ ਬੈਠਕ ਹੋਈ ਸੀ, ਜਿਸ ਵਿਚ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇਣ ਬਾਰੇ ਚਰਚਾ ਹੋਈ, ਜਿਸ ਮਗਰੋਂ ਜਹਾਂਗੀਰ ਨੇ ਚੰਦੂ ਨੂੰ ਸਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਸੀ। ਜਹਾਂਗੀਰ ਨੇ ਹੁਕਮ ਜਾਰੀ ਕੀਤਾ ਕਿ ਚੰਦੂ ਨੂੰ ਗ੍ਰਿਫ਼ਤਾਰ ਕਰ ਕੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਜਾਵੇ। ਜਦ ਉਸ ਨੂੰ ਗੁਰੂ ਸਾਹਿਬ ਕੋਲ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਲਾਹੌਰ ਦੀ ਸੰਗਤ ਦੇ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਜਿਨ੍ਹਾਂ ਨੇ ਉਸ ਨੂੰ ਜ਼ੁਲਮ ਕਰਦਾ ਵੇਖਿਆ ਸੀ, ਉਹੀ ਉਸ ਦੀ ਸਜ਼ਾ ਨੀਅਤ ਕਰਨ। ਸੰਗਤ ਨੇ ਫ਼ੈਸਲਾ ਕੀਤਾ ਕਿ ਚੰਦੂ ਦੇ ਹੱਥ ਪਿੱਠ ਪਿੱਛੇ ਬੰਨ੍ਹ ਕੇ ਤੇ ਗਲ ਵਿਚ ਰੱਸੀ ਪਾ ਕੇ ਸਾਰੇ ਨਗਰ ਵਿਚ ਘੁਮਾਇਆ ਜਾਵੇ ਤੇ ਜ਼ਲੀਲ ਕਰ ਕੇ ਛੱਡ ਦਿੱਤਾ ਜਾਵੇ; ਬਸ ਏਨੀ ਸਜ਼ਾ ਹੀ ਕਾਫ਼ੀ ਹੈ।

         ਇਵੇਂ ਹੀ ਕੀਤਾ ਗਿਆ। ਚੰਦੂ ਨੂੰ ਸਾਰੇ ਪਾਸੇ ਘੁਮਾ ਕੇ ਜਦ ਭਠਿਆਰਿਆਂ ਦੇ ਮੁਹੱਲੇ ਵਿਚ ਲਿਜਾਇਆ ਗਿਆ ਤਾਂ ਉਥੇ ਜਦ ਉਹ ਗੁਰਦਿੱਤਾ ਭਠਿਆਰਾ, ਜਿਸ ਨੂੰ ਚੰਦੂ ਨੇ ਗੁਰੂ ਸਾਹਿਬ ਦੇ ਜਿਸਮ 'ਤੇ ਰੇਤ ਪਾਉਣਾ ਵਾਸਤੇ ਤਾਈਨਾਤ ਕੀਤਾ (ਡਿਊਟੀ ਦਿੱਤੀ) ਸੀ, ਦੇ ਘਰ ਅੱਗੋਂ ਲੰਘਿਆ ਤਾਂ ਉਸ ਨੇ (ਇਸ ਗੁੱਸੇ ਵਿਚ ਚੰਦੂ ਨੇ ਉਸ ਦੇ ਹੱਥੋਂ ਕੀ ਜ਼ੁਲਮ ਕਰਵਾਇਆ ਸੀ) ਆਪਣੇ ਹੱਥ ਵਿਚ ਫੜਿਆ ਕੜਛਾ (ਜਿਸ ਨਾਲ ਉਹ ਗੁਰੂ ਜੀ ਦੇ ਜਿਸਮ 'ਤੇ ਰੇਤ ਪਾਉਂਦਾ ਰਿਹਾ ਸੀ) ਚੰਦੂ ਦੇ ਸਿਰ ਵਿਚ ਕੱਢ ਮਾਰਿਆ। ਇਸ ਕੜਛੇ ਦੇ ਵੱਜਣ ਨਾਲ ਹੀ ਚੰਦੂ ਉਥੇ ਡਿੱਗ ਕੇ ਮਰ ਗਿਆ।

         ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲੇ ਜਿਸ ਚੰਦੂ ਲਾਲ ਨੂੰ ਛੇਵੇਂ ਪਾਤਸ਼ਾਹ ਨੇ ਸਜ਼ਾ ਦਿੱਤੀ, ਉਸਨੂੰ ਇਤਿਹਾਸ ਦੇ ਪੰਨਿਆਂ 'ਚੋਂ ਦੋਸ਼ਮੁਕਤ ਕਰਨ ਦੀ ਅਸਫਲ ਕੋਸ਼ਿਸ਼ ਇਸ ਸੁਸ਼ਮਾ ਸਵਰਾਜ ਨੇ ਅਕਾਲੀਆਂ ਦੀ ਸਟੇਜ ਤੋਂ ਕੀਤੀ ਪਰ ਇਨ੍ਹਾਂ 'ਚੋਂ ਕਿਸੇ ਨੇ ਉੱਠ ਕੇ ਉਸਦਾ ਮੂੰਹ ਨਾ ਫੜਿਆ।

          ਅੱਜ ਇਸਦੇ ਤੁਰ ਜਾਣ 'ਤੇ ਜਿਸ ਕਦਰ ਕਈ ਸਿੱਖ ਕੀਰਨੇ ਪਾ ਰਹੇ ਹਨ, ਦੇਖ ਕੇ ਤੇ ਸੋਚ ਕੇ ਹੈਰਾਨੀ ਹੋ ਰਹੀ ਹੈ ਕਿ ਗੁਰ ਇਤਿਹਾਸ ਵਿਗਾੜਨ ਵਾਲੀ ਨਾਲ ਜਾਣੇ/ਅਨਜਾਣੇ ਕਿੰਨਾ ਤੇਹ ਦਿਖਾਇਆ ਜਾ ਰਿਹਾ।

- ਚੜ੍ਹਦੀ ਕਲਾ ਬਿਊਰ

© 2011 | All rights reserved | Terms & Conditions