ਕੀ ਅਮਰੀਕਾ ਅਫਗਾਨਿਸਤਾਨ ਵਿੱਚੋਂ ਨਿੱਕਲਣ ਦੀ ਨੀਤੀ 'ਤੇ ਮੁੜ ਵਿਚਾਰ ਕਰ ਰਿਹਾ ਹੈ ? : Dr. Amarjit Singh washington D.C
Submitted by Administrator
Saturday, 24 August, 2019- 07:17 pm
ਕੀ ਅਮਰੀਕਾ ਅਫਗਾਨਿਸਤਾਨ ਵਿੱਚੋਂ ਨਿੱਕਲਣ ਦੀ ਨੀਤੀ 'ਤੇ ਮੁੜ ਵਿਚਾਰ ਕਰ ਰਿਹਾ ਹੈ ? :  Dr. Amarjit Singh washington D.C

ਸਾਊਥ ਏਸ਼ੀਆ ਬਣਦਾ ਜਾ ਰਿਹੈ ਵੱਡੀਆਂ ਤਾਕਤਾਂ ਦੀ ਤਾਕਤ ਅਜ਼ਮਾਈ ਦਾ ਅਖਾੜਾ!

'ਕਸ਼ਮੀਰ ਮੁੱਦੇ 'ਤੇ ਪੈਦਾ ਹੋਈ ਤੂਫਾਨੀ ਹਲਚਲ ਸਾਊਥ ਏਸ਼ੀਆ ਨੂੰ ਨਿਊਕਲੀਅਰ ਜੰਗ ਵਲ ਧੱਕ ਰਹੀ ਹੈ, ਜਿਸ ਵਿੱਚ ਦੋ ਬਿਲੀਅਨ ਲੋਕਾਂ ਦੀ ਹੋਏਗੀ ਤਬਾਹੀ '- ਨੋਬਲ ਇਨਾਮ ਜੇਤੂ ਸਾਇੰਸਦਾਨ

30 ਮਿਲੀਅਨ ਸਿੱਖ ਕੌਮ ਦਾ ਹੋਮਲੈਂਡ ਸੈਂਡਵਿਚ ਬਣਿਆ ਪਰ ਸਿੱਖ ਕੌਮ ਕਿਉਂ ਗਫ਼ਲਤ ਦਾ ਹੈ ਸ਼ਿਕਾਰ?

        ਵਾਸ਼ਿੰਗਟਨ (ਡੀ. ਸੀ.) 24 ਅਗਸਤ, 2019- ਇੱਕ ਸਮਾਂ ਸੀ ਫਲਸਤੀਨ ਦਾ ਮੁੱਦਾ ਦੁਨੀਆ ਦੀ ਸਿਆਸਤ ਦਾ ਧੁਰਾ ਸੀ। ਇਜ਼ਰਾਇਲ ਨੂੰ ਅਮਰੀਕਾ ਦੀ ਬਿਨਾਂ-ਸ਼ਰਤ ਮੁਕੰਮਲ ਹਮਾਇਤ ਹਾਸਲ ਸੀ, ਜਿਸ ਦੀ ਵਜ੍ਹਾ ਕਰਕੇ ਉਸ ਨੇ ਯੂ. ਐਨ. ਸੁਰੱਖਿਆ ਕੌਂਸਲ ਦੇ ਮਤਿਆਂ ਦੀ ਕਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ। 1950ਵਿਆਂ ਵਿੱਚ ਕੋਰੀਆ, ਕੰਬੋਡੀਆ, ਸਾਊਥ ਅਮਰੀਕਨ ਦੇਸ਼ਾਂ ਵਿੱਚ ਦੋਵੇਂ ਸੁਪਰ-ਪਾਵਰਾਂ, ਸੋਵੀਅਤ ਯੂਨੀਅਨ ਅਤੇ ਅਮਰੀਕਾ ਦੀ ਪਰੋਕਸੀ ਜੰਗ ਨੇ ਲੱਖਾਂ ਲੋਕਾਂ ਦੀ ਜਾਨ ਲਈ। ਵੀਅਤਨਾਮ ਦੀ ਲੜਾਈ ਵਿੱਚ ਅਮਰੀਕਾ ਦੀ ਹੋਈ ਨਮੋਸ਼ੀ ਭਰੀ ਹਾਰ ਨੇ, ਸੋਵੀਅਤ ਯੂਨੀਅਨ ਦਾ ਹੱਥ ਉੱਪਰ ਕੀਤਾ। ਪਰ 1979 ਵਿੱਚ ਸੋਵੀਅਤ ਯੂਨੀਅਨ ਵਲੋਂ ਅਫਗਾਨਿਸਤਾਨ 'ਤੇ ਕੀਤੇ ਕਬਜ਼ੇ ਨੇ ਅਮਰੀਕਾ ਨੂੰ ਆਪਣੀ ਹਾਰ ਦਾ ਬਦਲਾ ਲੈਣ ਦਾ ਮੌਕਾ ਦਿੱਤਾ। ਪਾਕਿਸਤਾਨ ਨੂੰ ਬੇਸ ਬਣਾ ਕੇ, ਅਮਰੀਕਾ ਵਲੋਂ ਲਗਾਤਾਰ 10 ਸਾਲ ਲੜੀ ਗਈ ਪਰੋਕਸੀ ਵਾਰ ਨੇ ਸੋਵੀਅਤ ਯੂਨੀਅਨ ਨੂੰ ਦੁਨੀਆਂ ਦੇ ਨਕਸ਼ੇ ਤੋਂ ਹੀ ਮਿਟਾ ਦਿੱਤਾ। 1990ਵਿਆਂ ਵਿੱਚ ਸੋਵੀਅਤ ਯੂਨੀਅਨ 15 ਟੁਕੜਿਆਂ ਵਿੱਚ ਵੰਡਿਆ ਗਿਆ ਅਤੇ ਇਸ ਤਰ੍ਹਾਂ ਅਮਰੀਕਾ ਦੁਨੀਆਂ ਦੀ ਇੱਕੋ-ਇੱਕ ਸੁਪਰ ਪਾਵਰ ਬਣ ਕੇ ਸਾਹਮਣੇ ਆਇਆ।

        11 ਸਤੰਬਰ, 2001 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ 'ਤੇ ਹੋਏ ਦਹਿਸ਼ਤਗਰਦ ਹਮਲੇ ਨੇ ਦੁਨੀਆਂ ਦੀ ਸਿਆਸਤ ਵਿੱਚ ਇੱਕ ਭੂਚਾਲ ਲੈ ਆਂਦਾ। ਅਮਰੀਕਾ ਵਲੋਂ ਨਾਟੋ ਦੀ ਮਦਦ ਨਾਲ ਅਫਗਾਨਿਸਤਾਨ 'ਤੇ ਧਾਵਾ ਬੋਲਿਆ। ਪਿਛਲੇ 18 ਸਾਲਾਂ ਤੋਂ ਅਮਰੀਕਾ ਅਤੇ ਨਾਟੋ ਫੌਜਾਂ ਅਫਗਾਨਿਸਤਾਨ ਵਿੱਚ ਫਸੀਆਂ ਹੋਈਆਂ ਹਨ। ਅਫਗਾਨਿਸਤਾਨ ਦਾ 70 ਫੀਸਦੀ ਤੋਂ ਜ਼ਿਆਦਾ ਇਲਾਕਾ ਵਿਦਰੋਹੀ ਤਾਲਿਬਾਨਾਂ ਦੇ ਕਬਜ਼ੇ ਵਿੱਚ ਹੈ। ਕਾਬਲ ਵਿੱਚ ਅਮਰੀਕਾ ਦੀ ਮਦਦ ਨਾਲ ਥੋਪੀ ਗਈ ਨਾਮ-ਨਿਹਾਦ ਸਰਕਾਰ ਤਾਂ ਮੌਜੂਦ ਹੈ ਪਰ ਉਹ ਵੀ ਅਮਰੀਕਨ ਸੁਰੱਖਿਆ ਹੇਠ ਦਿਨ ਕਟੀ ਕਰ ਰਹੇ ਹਨ। ਹਕੀਕਤ ਇਹ ਹੈ ਕਿ ਅਮਰੀਕਾ, ਅਫਗਾਨਿਸਤਾਨ ਵਿੱਚ ਜੰਗ ਹਾਰ ਚੁੱਕਾ ਹੈ। ਹੁਣ ਉਹ ਅਫਗਾਨਿਸਤਾਨ ਵਿੱਚੋਂ ਇੱਜ਼ਤ-ਮਾਣ ਨਾਲ ਨਿਕਲਣ ਦਾ ਰਸਤਾ ਭਾਲ ਰਿਹਾ ਹੈ।

        ਅਮਰੀਕੀ ਪ੍ਰਧਾਨ ਟਰੰਪ ਨੇ ਆਪਣੀ ਚੋਣ ਮੁਹਿੰਮ ਵਿੱਚ ਇਰਾਕ ਅਤੇ ਅਫਗਾਨਿਸਤਾਨ ਵਿੱਚੋਂ ਫੌਜਾਂ ਵਾਪਸ ਲਿਆਉਣ ਦਾ ਐਲਾਨ ਕੀਤਾ ਸੀ। ਪ੍ਰਧਾਨ ਬਣਨ ਤੋਂ ਬਾਅਦ ਉਸ ਨੇ ਇਰਾਕ ਵਿੱਚੋਂ ਤੋਂ ਕਾਫੀ ਹੱਦ ਤੱਕ ਫੌਜ ਵਾਪਸ ਬੁਲਾ ਲਈ, ਪਰ ਅਫਗਾਨਿਸਤਾਨ ਵਿੱਚ ਇਸ ਲਈ ਤਾਲਿਬਾਨ ਨਾਲ ਗੱਲਬਾਤ ਕਰਨੀ ਜ਼ਰੂਰੀ ਸੀ। ਇਸ ਮਿਸ਼ਨ ਲਈ ਅਫਗਾਨ ਮੂਲ ਦੇ ਅਮਰੀਕੀ ਨੁਮਾਇੰਦੇ ਜਾਲੇਮ ਖਲੀਲਜ਼ਾਦ ਨੂੰ ਮੁਕੱਰਰ ਕੀਤਾ ਗਿਆ। ਪਿਛਲੇ ਲਗਭਗ ਦੋ ਵਰ੍ਹਿਆਂ ਵਿੱਚ ਤਾਲਿਬਾਨ ਨਾਲ ਗੱਲਬਾਤ ਦੇ ਸੱਤ ਦੌਰ ਹੋਏ ਹਨ ਅਤੇ ਦੱਸਿਆ ਗਿਆ ਸੀ ਕਿ ਗੱਲਬਾਤ ਸਫਲਤਾ ਨਾਲ ਅੱਗੇ ਵਧ ਰਹੀ ਹੈ। ਇਸ ਗੱਲਬਾਤ ਦਾ ਤੱਤਸਾਰ ਇਹ ਸੀ ਕਿ ਅਮਰੀਕਾ ਅਫਗਾਨਿਸਤਾਨ ਵਿੱਚੋਂ ਮੁਕੰਮਲ ਤੌਰ 'ਤੇ ਆਪਣੀਆਂ ਫੌਜਾਂ ਬਾਹਰ ਕੱਢੇਗਾ। ਤਾਲਿਬਾਨ, ਅਫਗਾਨਿਸਤਾਨ ਦੀ ਮੌਜੂਦਾ ਹਕੂਮਤ ਨੂੰ ਵੀ ਗੱਲਬਾਤ ਵਿੱਚ ਸ਼ਾਮਲ ਕਰਕੇ, ਯਕੀਨੀ ਬਣਾਉਣਗੇ ਕਿ ਅਮਰੀਕਾ ਫੌਜਾਂ ਦੇ ਨਿਕਲਣ ਤੋਂ ਬਾਅਦ ਅਫਗਾਨਿਸਤਾਨ ਮੁੜ ਦਹਿਸ਼ਤਗਰਦਾਂ ਦਾ ਅੱਡਾ ਨਾ ਬਣੇ। ਸੱਤਵੇਂ ਗੇੜ ਦੀ ਬੀਜਿੰਗ ਵਿੱਚ ਹੋਈ ਗੱਲਬਾਤ ਵਿੱਚ ਪੰਜ ਧਿਰਾਂ - ਅਮਰੀਕਾ, ਰੂਸ, ਚੀਨ, ਪਾਕਿਸਤਾਨ ਤੇ ਅਫਗਾਨਿਸਤਾਨ ਦੇ ਨੁਮਾਇੰਦੇ ਸ਼ਾਮਲ ਸਨ। ਭਾਰਤ ਨੂੰ ਇਸ ਖੇਡ ਵਿੱਚੋਂ ਬਿਲਕੁਲ ਬਾਹਰ ਕੱਢ ਦਿੱਤਾ ਗਿਆ ਸੀ। ਪਾਕਿਸਤਾਨ ਨੇ ਤਾਲਿਬਾਨ ਨਾਲ ਗੱਲਬਾਤ ਵਿੱਚ ਮੁੱਖ ਧਿਰ ਵਜੋਂ ਰੋਲ ਨਿਭਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਅੱਠਵੇਂ ਗੇੜ ਦੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ।

         21 ਅਗਸਤ ਨੂੰ ਅਮਰੀਕੀ ਪ੍ਰਧਾਨ ਟਰੰਪ ਨੇ ਆਪਣੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਚੌਂਕਾ ਦੇਣ ਵਾਲਾ ਬਿਆਨ ਦਿੱਤਾ। ਟਰੰਪ ਦਾ ਕਹਿਣਾ ਸੀ ਕਿ ਅਮਰੀਕਾ, ਅਫਗਾਨਿਸਤਾਨ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿੱਕਲੇਗਾ ਅਤੇ ਆਪਣੀ ਹੋਂਦ ਉੱਥੇ ਰੱਖੇਗਾ। ਜ਼ਾਹਰ ਹੈ ਕਿ ਇਹ ਬਿਆਨ ਤਾਲਿਬਾਨ ਨਾਲ ਗੱਲਬਾਤ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਬਿਆਨ ਤਾਲਿਬਾਨ 'ਤੇ ਥੋੜ੍ਹਾ ਦਬਾਅ ਬਣਾਉਣ ਲਈ ਹੋਵੇ। ਪਰ ਜ਼ਾਹਰ ਹੈ ਕਿ ਤਾਲਿਬਾਨ ਇਸ ਕਿਸਮ ਦੀ ਕਿਸੇ ਸ਼ਰਤ ਨੂੰ ਮੁੱਢੋਂ-ਸੁੱਢੋਂ ਹੀ ਨਕਾਰ ਦੇਣਗੇ। ਇਸ ਦਾ ਮਤਲਬ ਹੋਵੇਗਾ, ਅਫਗਾਨਿਸਤਾਨ ਵਿੱਚ ਅੱਗੋਂ ਹੋਰ ਖੂਨ-ਖਰਾਬੇ ਲਈ ਰਾਹ ਪੱਧਰਾ ਕਰਨਾ। ਪਿਛਲੇ ਦਿਨੀਂ ਕਾਬਲ ਵਿੱਚ ਇੱਕ ਵਿਆਹ ਸਮਾਗਮ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ 70 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਸੈਂਕੜਿਆਂ ਜ਼ਖਮੀ ਹੋਏ। ਇਸ ਹਮਲੇ ਦੀ ਜ਼ਿੰਮੇਵਾਰੀ 'ਇਸਲਾਮਿਕ ਸਟੇਟ' ਜਥੇਬੰਦੀ ਵਲੋਂ ਲਈ ਗਈ। ਅਮਰੀਕਾ ਨਾਲ ਤੋੜ ਵਿਛੋੜੇ ਤੋਂ ਬਾਅਦ ਤਾਲਿਬਾਨ ਤੇ ਇਸਲਾਮਿਕ ਸਟੇਟ ਇੱਕੋ ਸਫੇ 'ਤੇ ਹੋ ਕੇ, ਅਮਰੀਕਾ ਅਤੇ ਪੱਛਮੀ ਤਾਕਤਾਂ ਨੂੰ ਵੰਗਾਰਨਗੇ। 'ਜਿਹਾਦ' ਦੇ ਨਾਹਰੇ ਹੇਠ ਇਸਲਾਮਿਕ ਜਗਤ ਅਤੇ ਪੱਛਮੀ ਜਗਤ ਦੀ ਇਹ ਨਾ-ਮੁੱਕਵੀਂ ਜੰਗ ਬਣ ਸਕਦੀ ਹੈ।

        ਅਫਸੋਸ! ਸਾਊਥ ਏਸ਼ੀਆ, ਅਮਰੀਕਾ, ਰੂਸ, ਚੀਨ, ਇਜ਼ਰਾਇਲ ਸਮੇਤ ਵੱਡੀਆਂ ਤਾਕਤਾਂ ਦੀ ਜੰਗ ਅਜ਼ਮਾਈ ਦਾ ਕੇਂਦਰ ਬਣਦਾ ਜਾ ਰਿਹਾ ਹੈ। ਰੂਸ ਤੇ ਚੀਨ ਕਾਫੀ ਨੇੜੇ ਆ ਰਹੇ ਹਨ ਜਦੋਂ ਕਿ ਅਮਰੀਕਾ ਤੇ ਚੀਨ ਵਿੱਚ ਦੂਰੀਆਂ ਵਧ ਰਹੀਆਂ ਹਨ। ਭਾਰਤ, ਅਮਰੀਕਾ ਦੇ ਕਰੀਬ ਆ ਰਿਹਾ ਹੈ। ਅਮਰੀਕਾ ਵਲੋਂ ਚੀਨ ਦੇ ਖਿਲਾਫ ਵਪਾਰਕ ਜੰਗ ਵੀ ਛੇੜੀ ਗਈ ਹੈ। ਭਾਰਤ ਦੀ ਮੋਦੀ ਸਰਕਾਰ ਅਮਰੀਕਾ ਦੀ ਪਰੋਕਸੀ ਦਾ ਰੋਲ ਅਦਾ ਕਰ ਰਹੀ ਹੈ। ਕਸ਼ਮੀਰ ਵਿੱਚੋਂ ਧਾਰਾ-370 ਖਤਮ ਕਰਨ ਅਤੇ ਜੰਮੂ-ਕਸ਼ਮੀਰ ਸੂਬੇ ਦਾ ਵੱਡਾ ਰੁਤਬਾ ਖਤਮ ਕਰਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ ਹੈ। ਲਦਾਖ, ਯੂਨੀਅਨ ਟੈਰੀਟਰੀ ਨੂੰ ਲੈ ਕੇ ਭਾਰਤ ਦੇ ਫੈਸਲੇ ਨੂੰ ਚੀਨ ਨੇ ਆਪਣੀ ਪ੍ਰਭੂਸੱਤਾ 'ਤੇ ਹਮਲਾ ਕਰਾਰ ਦਿੱਤਾ ਹੈ। ਪਾਕਿਸਤਾਨ ਨੇ ਭਾਰਤ ਨਾਲ ਸਫਾਰਤੀ ਸਬੰਧ, ਵਪਾਰਕ ਸਬੰਧ ਅਤੇ ਸੰਚਾਰ ਸਬੰਧ ਲਗਭਗ ਖਤਮ ਕਰ ਦਿੱਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਹੁਣ ਭਾਰਤ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਜ਼ਾਹਰ ਹੈ ਕਿ ਸਾਊਥ ਏਸ਼ੀਆ ਜਿੱਥੇ ਵੱਡੀਆਂ ਤਾਕਤਾਂ ਦਾ ਜਮਵਾੜਾ ਬਣ ਗਿਆ ਹੈ, ਉੱਥੇ ਅਫਗਾਨਿਸਤਾਨ, ਕਸ਼ਮੀਰ ਭਵਿੱਖ ਦੇ ਟਕਰਾਅ ਦੀਆਂ ਖਤਰਨਾਕ ਅਲਾਮਤਾਂ ਹਨ। ਸਾਊਥ ਏਸ਼ੀਆ, ਨਿਊਕਲੀਅਰ ਜੰਗ ਵਲ ਵਧ ਰਿਹਾ ਹੈ।

         ਨੋਬਲ ਇਨਾਮ ਜੇਤੂ ਡਾਕਟਰਾਂ ਦੀ ਸੰਸਥਾ -'ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫਾਰ ਪਰੀਵੈਨਸ਼ਨ ਆਫ ਨਿਊਕਲੀਅਰ ਵਾਰ' ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਕੋਈ ਵੀ ਜੰਗ ਇੱਕਦਮ ਨਿਊਕਲੀਅਰ ਟਕਰਾਅ ਵਿੱਚ ਬਦਲ ਜਾਵੇਗੀ। ਇਸ ਨਾਲ ਕਈ ਮਿਲੀਅਨ ਲੋਕ ਫੌਰੀ ਤੌਰ 'ਤੇ ਮਾਰੇ ਜਾਣਗੇ। ਪਰ ਇਸ ਨਾਲ ਸੰਸਾਰ ਪੱਧਰੀ ਸੰਕਟ ਵੀ ਪੈਦਾ ਹੋਵੇਗਾ। ਨਿਊਕਲੀਅਰ ਧਮਾਕਿਆਂ ਨਾਲ ਧਰਤੀ ਤੋਂ ਉੱਪਰ ਦੀ ਸਤ੍ਹਾ ਵਿੱਚ ਹੋਈਆਂ ਮੌਸਮੀ ਤਬਦੀਲੀਆਂ, ਧਰਤੀ 'ਤੇ ਅਨਾਜ ਦੀ ਉਪਜ ਨੂੰ ਪ੍ਰਭਾਵਿਤ ਕਰਨਗੀਆਂ। ਦੁਨੀਆਂ ਦੀ ਇੱਕ ਚੌਥਾਈ ਅਬਾਦੀ ਭੁੱਖਮਰੀ ਨਾਲ ਮਰ ਜਾਵੇਗੀ। ਦੋ ਬਿਲੀਅਨ ਤੋਂ ਜ਼ਿਆਦਾ ਲੋਕ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਣਗੇ। ਫੇਰ ਇਹ ਧਰਤੀ-ਗ੍ਰਹਿ ਰਹਿਣ ਦੇ ਕਾਬਲ ਨਹੀਂ ਰਹੇਗਾ।

         ਅਫਸੋਸ! ਦੁਨੀਆਂ ਦੇ ਗੰਭੀਰ ਚਿੰਤਕ, ਸਾਇੰਸਦਾਨ, ਰਾਜਨੇਤਾ ਤਾਂ ਸਾਊਥ ਏਸ਼ੀਆ, ਜਿਹੜਾ ਕਿ ਬਲਦੀ ਦੇ ਬੂਥੇ ਵਿੱਚ ਜਾ ਰਿਹਾ ਹੈ, ਸਬੰਧੀ ਬੇਹੱਦ ਚਿੰਤਤ ਹਨ ਅਤੇ ਹਾਲ ਦੁਹਾਈ ਵੀ ਪਾ ਰਹੇ ਹਨ ਪਰ ਵਾਰੇ-ਵਾਰੇ ਜਾਈਏ ਸਿੱਖ ਕੌਮ ਦੇ, ਜਿਸ ਨੂੰ ਕੋਈ ਚਿੱਤ-ਚੇਤਾ ਹੀ ਨਹੀਂ ਹੈ ਕਿ ਉਨ੍ਹਾਂ ਦੇ ਹੋਮਲੈਂਡ ਵਿੱਚ ਕੀ ਹੋਣ ਜਾ ਰਿਹਾ ਹੈ। ਬਾਦਲ ਅਕਾਲੀ ਦਲ ਮੋਦੀ ਦੇ ਗੁਣ ਗਾ ਰਿਹਾ ਹੈ, ਸ਼੍ਰੋਮਣੀ ਕਮੇਟੀ ਨਗਰ ਕੀਰਤਨ ਕੱਢਣ 'ਚ ਰੁੱਝੀ ਹੋਈ ਹੈ, ਅਮਰਿੰਦਰ ਸਿੰਘ ਰਾਜੀਵ ਗਾਂਧੀ ਨੂੰ ਨਵੰਬਰ-84 ਦੀ ਸਿੱਖ ਨਸਲਕੁਸ਼ੀ ਤੋਂ ਬਰੀ ਕਰਨ 'ਤੇ ਲੱਗਾ ਹੋਇਆ, ਪੰਜਾਬ ਦੇ ਲੋਕ ਸਰਕਾਰੀ ਹੜ੍ਹਾਂ ਵਿੱਚ ਉਲਝਾਏ ਗਏ ਹਨ, ਦਿੱਲੀ ਵਿੱਚ ਮੰਦਰ ਤੋੜ ਕੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਭੜਕਾ ਕੇ ਉਨ੍ਹਾਂ ਨੂੰ ਬ੍ਰਾਹਮਣਵਾਦ ਦਾ ਦੈਂਤ, ਕਈ ਹੋਰ ਤਰੀਕਿਆਂ ਨਾਲ ਨਿਗਲ਼ਣ 'ਤੇ ਲੱਗਾ ਹੋਇਆ ਹੈ। ਭਾਰਤ-ਪਾਕਿਸਤਾਨ ਵਿਚਾਲੇ ਬੀਤੀਆਂ ਜੰਗਾਂ ਵਿੱਚ ਪੰਜਾਬ ਨੇ ਸਭ ਤੋਂ ਜ਼ਿਆਦਾ ਤਬਾਹੀ ਕਰਵਾਈ। ਹੁਣ ਪੰਜਾਬ ਦੀ ਮੁਕੰਮਲ ਤਬਾਹੀ ਦੀ ਕਹਾਣੀ ਕੰਧ 'ਤੇ ਸਪੱਸ਼ਟ ਲਿਖੀ ਹੋਈ ਪੜ੍ਹੀ ਜਾ ਸਕਦੀ ਹੈ। ਹੋਰ ਸਾਰੇ ਕੰਧ 'ਤੇ ਲਿਖਿਆ ਪੜ੍ਹ ਰਹੇ ਹਨ ਪਰ 30 ਮਿਲੀਅਨ ਸਿੱਖ ਕੌਮ ਦੀਆਂ ਅੱਖਾਂ ਪੂਰੀ ਤਰ੍ਹਾਂ ਬੰਦ ਹਨ। ਵਾਹਿਗੁਰੂ ਤੋਂ ਖੈਰ ਹੀ ਮੰਗ ਸਕਦੇ ਹਾਂ।

© 2011 | All rights reserved | Terms & Conditions