'ਕੜੀਆਂ ਜ਼ੰਜੀਰਾਂ 'ਚ ਜਕੜੇ ਕਸ਼ਮੀਰੀਆਂ ਦੀਆਂ ਅਜ਼ਾਦੀ-ਉਡਾਰੀਆਂ'
Submitted by Administrator
Saturday, 24 August, 2019- 07:20 pm
'ਕੜੀਆਂ ਜ਼ੰਜੀਰਾਂ 'ਚ ਜਕੜੇ ਕਸ਼ਮੀਰੀਆਂ ਦੀਆਂ ਅਜ਼ਾਦੀ-ਉਡਾਰੀਆਂ'

        5 ਅਗਸਤ ਨੂੰ ਮੋਦੀ ਸਰਕਾਰ ਨੇ ਸੰਵਿਧਾਨਕ -ਗੁੰਡਾਗਰਦੀ ਕਰਦਿਆਂ ਜੰਮੂ-ਕਸ਼ਮੀਰ ਵਿੱਚੋਂ ਨਾ ਸਿਰਫ ਧਾਰਾ 370 ਹੀ ਖਤਮ ਕੀਤੀ ਬਲਕਿ ਜੰਮੂ-ਕਸ਼ਮੀਰ ਪ੍ਰਾਂਤ ਦਾ ਵਜੂਦ ਹੀ ਮਿਟਾ ਦਿੱਤਾ। ਇਸ ਤੋਂ ਕੁਝ ਦਿਨ ਪਹਿਲਾਂ 'ਦਹਿਸ਼ਤਗਰਦ ਹਮਲੇ' ਦਾ ਝੂਠ ਬੋਲਦਿਆਂ, ਅਮਰਨਾਥ ਯਾਤਰੂਆਂ ਦੀ ਯਾਤਰਾ ਰੋਕ ਕੇ, ਉਨ੍ਹਾਂ ਨੂੰ ਘਰੋ-ਘਰੀ ਤੋਰਿਆ ਗਿਆ ਅਤੇ ਕਸ਼ਮੀਰ ਵਾਦੀ ਵਿੱਚ ਕਰਫਿਊ ਲਾਗੂ ਕਰਕੇ, ਉਸ ਨੂੰ ਬਾਕੀ ਦੁਨੀਆ ਤੋਂ ਕੱਟ ਦਿੱਤਾ ਗਿਆ। ਇੰਟਰਨੈੱਟ ਸਰਵਿਸ, ਫੋਨ, ਬੱਸਾਂ, ਕਾਰਾਂ ਸਭ ਤੋਂ ਮਹਿਰੂਮ ਕੀਤੇ ਕਸ਼ਮੀਰੀਆਂ ਨੂੰ ਲਗਭਗ 18 ਦਿਨਾਂ ਤੋਂ ਘਰਾਂ ਵਿੱਚ ਤਾੜਿਆ ਹੋਇਆ ਹੈ। ਫਰਾਂਸ ਦੀ ਨਿਊਜ਼ ਏਜੰਸੀ ਏ. ਐਫ. ਪੀ. ਦੀ ਤਾਜ਼ਾ ਰਿਪੋਰਟ ਅਨੁਸਾਰ, ਚਾਰ ਹਜ਼ਾਰ ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਪਬਲਿਕ ਸੇਫਟੀ ਐਕਟ ਹੇਠ ਗ੍ਰਿਫਤਾਰ ਕਰਕੇ, ਕਸ਼ਮੀਰ ਤੋਂ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਹੈ। ਪਬਲਿਕ ਸੇਫਟੀ ਐਕਟ ਹੇਠ, ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਮੁਕੱਦਮਾ ਚਲਾਏ, ਦੋ ਸਾਲ ਲਈ ਸਲਾਖਾਂ ਪਿੱਛੇ ਬੰਦ ਰੱਖਿਆ ਜਾ ਸਕਦਾ ਹੈ। ਅਜ਼ਾਦਾਨਾ ਰਿਪੋਰਟਾਂ ਅਨੁਸਾਰ, ਸੁਰੱਖਿਆ ਦਲਾਂ ਵਲੋਂ ਅੱਧੀ ਰਾਤ ਨੂੰ ਲੋਕਾਂ ਦੇ ਘਰਾਂ 'ਤੇ ਧਾਵਾ ਬੋਲ ਕੇ, ਜਵਾਨ ਮੁੰਡਿਆਂ ਨੂੰ ਚੁੱਕਿਆ ਜਾ ਰਿਹਾ ਹੈ ਅਤੇ ਔਰਤਾਂ ਨਾਲ ਬਦਸਲੂਕੀ ਤੇ ਜਬਰਜਿਨਾਹ ਕੀਤਾ ਜਾ ਰਿਹਾ ਹੈ। ਇਹ ਸਭ ਵਰਤਾਰਾ ਪੰਜਾਬ ਵਿੱਚ ਭਾਰਤੀ ਫੋਰਸਾਂ ਦੀਆਂ ਕਰਤੂਤਾਂ ਦੀ ਯਾਦ-ਦਹਾਨੀ ਕਰਵਾਉਂਦਾ ਹੈ। 'ਜੈਨੋਸਾਈਡ ਵਾਚ' ਸੰਸਥਾ ਨੇ ਕਸ਼ਮੀਰ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ। ਯਾਦ ਰਹੇ ਕਸ਼ਮੀਰ ਵਾਦੀ ਵਿੱਚ ਇੱਕ ਲੱਖ ਦੇ ਕਰੀਬ ਸਿੱਖ ਵਸਦੇ ਹਨ, ਜਿਹੜੇ ਪਿਛਲੇ 18 ਦਿਨਾਂ ਤੋਂ ਬਾਕੀ ਕਸ਼ਮੀਰੀਆਂ ਵਾਂਗ ਭਾਰਤੀ ਸੁਰੱਖਿਆ ਦਸਤਿਆਂ ਦੇ ਜਬਰ ਨੂੰ ਸਹਾਰ ਰਹੇ ਹਨ। ਭਾਰਤ ਭਰ ਦੇ ਹਿੰਦੂਤਵੀਆਂ ਵਲੋਂ ਜਸ਼ਨ ਮਨਾਏ ਜਾ ਰਹੇ ਹਨ। ਕਸ਼ਮੀਰ ਵਿੱਚ ਪਲਾਟ ਲੈਣ ਅਤੇ ਕਸ਼ਮੀਰੀ ਕੁੜੀਆਂ ਨੂੰ ਵਿਆਹੁਣ ਦੀ ਚਰਚਾ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਤੋਂ ਲੈ ਕੇ ਆਮ ਵਰਕਰਾਂ ਤੱਕ ਅਤੇ ਸੋਸ਼ਲ ਮੀਡੀਏ 'ਤੇ ਇੱਕ ਆਮ ਜਿਹੀ ਗੱਲ ਬਣ ਗਈ ਹੈ।

         ਖੁਸ਼ੀ ਦੀ ਗੱਲ ਹੈ ਕਿ ਸਿੱਖ ਕੌਮ ਦਾ ਵੱਡਾ ਹਿੱਸਾ ਕਸ਼ਮੀਰੀਆਂ ਦੇ ਹੱਕ ਵਿੱਚ ਨਿਤਰਿਆ ਹੈ। ਥਾਂ-ਥਾਂ 'ਤੇ ਰੋਸ ਵਿਖਾਵਿਆਂ ਵਿੱਚ ਸਿੱਖ, ਕਸ਼ਮੀਰੀਆਂ ਨਾਲ ਖਲੋਤੇ ਨਜ਼ਰ ਆਏ ਹਨ। ਸਿੱਖ ਜਥੇਬੰਦੀਆਂ ਅਤੇ ਵਲੰਟੀਅਰਾਂ ਵਲੋਂ ਕਸ਼ਮੀਰੀ ਬੱਚੀਆਂ ਨੂੰ ਭਾਰਤ ਭਰ ਵਿੱਚ ਸੁਰੱਖਿਅਤ ਕਰਕੇ, ਕਸ਼ਮੀਰ ਵਾਦੀ ਵਿੱਚ ਘਰੋ-ਘਰੀਂ ਪਹੰਚਾਉਣ ਦਾ ਸਿਲਸਿਲਾ ਜਾਰੀ ਹੈ। ਸਰਬੱਤ ਖਾਲਸਾ, ਵਲੋਂ ਥਾਪੇ ਅਕਾਲ ਤਖਤ ਦੇ ਜਥੇਦਾਰ, ਜŒਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਬਾਦਲ ਦੇ ਜਥੇਦਾਰ, ਜਥੇਦਾਰ ਹਰਪ੍ਰੀਤ ਸਿੰਘ ਵਲੋਂ ਕਸ਼ਮੀਰੀ ਬੱਚੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨਾ ਇੱਕ ਇਤਿਹਾਸਕ ਅਤੇ ਮਾਣ ਵਾਲੀ ਗੱਲ ਹੈ।

         ਅੰਤਰਰਾਸ਼ਟਰੀ ਤੌਰ 'ਤੇ ਯੂ. ਐਨ. ਸੁਰੱਖਿਆ ਕੌਂਸਲ ਦੀ ਇਸ ਸਬੰਧੀ ਹੋਈ ਮੀਟਿੰਗ ਦੀ ਕਾਰਵਾਈ ਭਾਵੇਂ ਜਨਤਕ ਨਹੀਂ ਕੀਤੀ ਗਈ ਪਰ ਜ਼ਾਹਰ ਹੈ ਕਿ ਲਗਭਗ 50 ਸਾਲ ਬਾਅਦ ਜੰਮੂ-ਕਸ਼ਮੀਰ ਦਾ ਮਸਲਾ ਇਸ ਮੰਚ 'ਤੇ ਵਿਚਾਰਿਆ ਗਿਆ ਹੈ। ਚੀਨ ਤੇ ਪਾਕਿਸਤਾਨ ਖੁੱਲ੍ਹ ਕੇ ਕਸ਼ਮੀਰੀਆਂ ਦੇ ਹੱਕ ਵਿੱਚ ਨਿੱਤਰੇ ਹਨ ਜਦੋਂਕਿ ਬ੍ਰਿਟੇਨ, ਰੂਸ, ਅਮਰੀਕਾ ਦਾ ਰੁਖ ਹਮਦਰਦੀ ਵਾਲਾ ਹੈ। ਫਰਾਂਸ, ਖੁੱਲ੍ਹ ਕੇ ਭਾਰਤ ਵਲ ਝੁਕਦਾ ਨਜ਼ਰ ਆਇਆ ਹੈ। ਇਮਰਾਨ ਖਾਨ ਨੇ ਮੋਦੀ ਸਰਕਾਰ ਦੀ ਤੁਲਨਾ ਨਾਜ਼ੀ ਜਰਮਨੀ ਨਾਲ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤ ਨਾਲ ਹੁਣ ਗੱਲਬਾਤ ਦਾ ਕੋਈ ਰਾਹ ਬਾਕੀ ਨਹੀਂ ਬਚਿਆ ਹੈ। ਕਸ਼ਮੀਰ ਮੁੱਦੇ ਦਾ ਅੰਤਰ-ਰਾਸ਼ਟਰੀਕਰਣ ਹੋਣਾ, ਭਾਰਤੀ ਡਿਪਲੋਮੇਸੀ ਦੀ ਇੱਕ ਵੱਡੀ ਨਾ-ਕਾਮਯਾਬੀ ਵਜੋਂ ਵੇਖਿਆ ਜਾ ਰਿਹਾ ਹੈ ਪਰ ਮੋਦੀ-ਭਗਤ ਸਰਕਾਰ ਦੀ ਜੈ-ਜੈ ਕਾਰ ਕਰ ਰਹੇ ਹਨ।

         ਬੀ. ਬੀ. ਸੀ., ਰਾਈਟਰਜ਼, ਐਸੋਸੀਏਟਿਡ ਪ੍ਰੈੱਸ ਅਤੇ ਅਲ-ਜਜ਼ੀਰਾ ਦੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ, ਹਜ਼ਾਰਾਂ ਦੀ ਗਿਣਤੀ ਵਿੱਚ ਕਰਫਿਊ ਦੀ ਪ੍ਰਵਾਹ ਕੀਤੇ ਬਿਨ੍ਹਾਂ ਬਾਹਰ ਨਿੱਕਲੇ ਕਸ਼ਮੀਰੀਆਂ 'ਤੇ ਅੱਥਰੂ ਗੈਸ ਅਤੇ ਪੈਲੇਟ ਗੰਨਜ਼ ਦਾ ਬੇ-ਕਿਰਕੀ ਨਾਲ ਇਸਤੇਮਾਲ ਕੀਤਾ ਗਿਆ। ਦੋ ਮੌਤਾਂ ਅਤੇ ਦਰਜਨਾਂ ਨੌਜਵਾਨਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਹਨ। ਕਸ਼ਮੀਰ ਦੇ ਹਸਪਤਾਲਾਂ ਵਿੱਚ ਦਰਜਨਾਂ ਨੌਜਵਾਨ ਭਰਤੀ ਹਨ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਪੈਲੇਟ ਗੰਨਜ਼ ਕਰਕੇ ਖਤਮ ਹੋ ਗਈ ਹੈ।

          ਅਮਰੀਕੀ ਪ੍ਰਧਾਨ ਟਰੰਪ ਜਿਨ੍ਹਾਂ ਨੇ 22 ਜੁਲਾਈ ਨੂੰ ਇਮਰਾਨ ਖਾਨ ਨਾਲ ਮੁਲਾਕਾਤ ਦੇ ਦੌਰਾਨ, ਕਸ਼ਮੀਰ ਮੁੱਦੇ 'ਤੇ 'ਵਿਚੋਲਗੀ' ਦੀ ਆਫਰ ਕੀਤੀ ਸੀ, ਪਿਛਲੇ ਦਿਨਾਂ ਵਿੱਚ ਇਸ ਸਬੰਧੀ 3-4 ਟਵੀਟ ਕਰ ਚੁੱਕੇ ਹਨ। ਆਪਣੇ ਅਖੀਰਲੇ ਟਵੀਟ ਵਿੱਚ ਟਰੰਪ ਨੇ, ਵੀਕ ਐਂ²ਡ 'ਤੇ ਫਰਾਂਸ ਵਿੱਚ ਮੋਦੀ ਨੂੰ ਮਿਲ ਕੇ, ਕਸ਼ਮੀਰ ਸਬੰਧੀ ਗੱਲ ਕਰਨ ਦਾ ਇਸ਼ਾਰਾ ਕੀਤਾ ਹੈ। ਪਰ ਇਉਂ ਜਾਪਦਾ ਹੈ, ਕਸ਼ਮੀਰ ਦਾ ਮੁੱਦਾ ਵੀ ਵੱਡੀਆਂ ਤਾਕਤਾਂ ਦੀ ਇਸ ਖਿੱਤੇ ਵਿੱਚ ਖੇਡੀ ਜਾ ਰਹੀ 'ਸਿਆਸੀ ਸ਼ਤਰੰਜ' ਦਾ ਇੱਕ ਮੋਹਰਾ ਬਣ ਗਿਆ ਹੈ।

         ਕਸ਼ਮੀਰ ਦੇ ਲੋਕ, ਛਾਤੀ ਤਾਣ ਕੇ, ਆਪਣੇ ਅਜ਼ਾਦੀ ਦੇ ਹੱਕ ਲਈ ਜੂਝਦੇ ਨਜ਼ਰ ਆ ਰਹੇ ਹਨ। ਕਸ਼ਮੀਰੀ ਅਵਾਮ ਵਲੋਂ ਜਿਵੇਂ ਆਜ਼ਾਦੀ ਲਈ ਤੜਪ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਸ਼ਮੀਰੀ ਭਾਰਤ ਦੀ ਗੁਲਾਮੀ ਦੀ ਪੰਜਾਲੀ ਨੂੰ ਵਗਾਹ ਮਾਰਨ ਲਈ ਕਿਸੇ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟਣਗੇ। ਨੈਸ਼ਨਲ ਕਾਨਫਰੰਸ, ਪੀ. ਡੀ.ਪੀ., ਕਾਂਗਰਸ ਆਦਿ ਪਾਰਟੀਆਂ ਦੀ ਸਿਆਸੀ ਲੀਡਰਸ਼ਿਪ ਬਿਲਕੁਲ ਅਪ੍ਰਸੰਗਕ ਬਣ ਗਈ ਹੈ। ਕੇਂਦਰ ਸਰਕਾਰ ਨੂੰ ਹੁਣ ਆਪਣੀਆਂ ਕਠਪੁਤਲੀਆਂ ਦੀ ਲੋੜ ਨਹੀਂ ਰਹੀ। ਉਨ੍ਹਾਂ ਨੂੰ ਵੀ ਘਰਾਂ ਵਿੱਚ ਤਾੜਿਆ ਹੋਇਆ ਹੈ। ਹੁਣ ਲੜਾਈ ਸਿੱਧਮ-ਸਿੱਧੀ ਹੈ।

         ਕਸ਼ਮੀਰੀਆਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਨੂੰ ਕਸ਼ਮੀਰੀ ਨਹੀਂ, ਕਸ਼ਮੀਰ ਦੀ ਧਰਤੀ ਚਾਹੀਦੀ ਹੈ, ਜਿੱਥੋਂ ਕਿ ਉਹ ਕਸ਼ਮੀਰੀਆਂ ਦੀ ਅਜ਼ਮਤ ਅਤੇ ਉਨ੍ਹਾਂ ਦੇ ਸਾਧਨਾਂ ਦੀ ਲੁੱਟਮਾਰ ਕਰ ਸਕਣ। ਭਾਰਤ ਦੇ ਵੱਡੇ-ਵੱਡੇ ਸੈਕੂਲਰ ਕਹਾਉਣ ਵਾਲੇ ਲੋਕਾਂ ਦੇ ਮਖੌਟੇ ਵੀ ਉੱਤਰ ਗਏ ਹਨ ਅਤੇ ਉਹ ਮੋਦੀ ਨੂੰ ਵਧਾਈਆਂ ਦੇਣ ਵਿੱਚ ਮਸਰੂਫ ਹਨ। ਭਾਵੇਂ ਕੈਪਟਨ ਅਮਰਿੰਦਰ ਨੇ ਇਸ ਫੈਸਲੇ ਦੀ ਨਿੰਦਿਆ ਕੀਤੀ ਪਰ ਉਸ ਨੇ ਯਕੀਨੀ ਬਣਾਇਆ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਸ 'ਤੇ ਕੋਈ ਵਿਚਾਰ ਚਰਚਾ ਨਾ ਹੋਵੇ। ਜਦੋਂ ਕੰਵਰ ਸੰਧੂ ਨੇ ਜ਼ੀਰੋ ਆਵਰ ਵਿੱਚ ਇਸ 'ਤੇ ਸਵਾਲ ਚੁੱਕਿਆ ਤਾਂ ਅਮਰਿੰਦਰ ਨੇ ਉਸ ਨੂੰ ਮਜ਼ਾਕੀਆ ਅੰਦਾਜ਼ ਵਿੱਚ ਚੁੱਪ ਕਰਵਾ ਦਿੱਤਾ। ਬਾਦਲ-ਲਾਣੇ ਨੇ ਤਾਂ ਅਕਾਲੀ ਦਲ ਦੇ 99 ਸਾਲਾ ਇਤਿਹਾਸ ਨੂੰ ਕਲੰਕਿਤ ਕਰਦਿਆਂ ਭਾਰਤ ਦੇ ਫੈਡਰਲ ਢਾਂਚੇ ਦਾ ਭੋਗ ਪਾਉਣ ਵਿੱਚ ਮੋਦੀ ਦੇ ਮੋਢੇ ਨਾਲ ਮੋਢਾ ਜੋੜਿਆ। ਪੰਜਾਬ ਦੀਆਂ ਪੰਥਕ ਧਿਰਾਂ, ਕੁਝ ਖੱਬੇ-ਪੱਖੀ ਧਿਰਾਂ ਅਤੇ ਕਾਨੂੰਪ੍ਰਿਆ ਦੀ ਅਗਵਾਈ ਵਾਲੀ ਵਿਦਿਆਰਥੀ ਜਥੇਬੰਦੀ ਡੱਟ ਕੇ ਕਸ਼ਮੀਰੀਆਂ ਦੇ ਹੱਕ ਵਿੱਚ ਖਲੋਤੇ ਹਨ। ਡੀ. ਐਮ. ਕੇ. ਨੇ ਵੀ ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਹੈ। ਕਸ਼ਮੀਰੀਆਂ ਲਈ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਹਨ ਪਰ ਕਸ਼ਮੀਰੀ ਅਵਾਮ ਦੀ ਆਜ਼ਾਦੀ ਦੀ ਸਪਿਰਟ ਦੀ ਦਾਦ ਦੇਣੀ ਬਣਦੀ ਹੈ। ਅਲਾਮਾ ਇਕਬਾਲ ਦਾ ਇਹ ਸ਼ੇਅਰ ਕਸ਼ਮੀਰੀ ਸਪਿਰਿਟ ਦੀ ਤਰਜ਼ਮਾਨੀ ਕਰਦਾ ਹੈ -

ਐ ਤਾਹਿਰੇ ਲਾਹੂਤੀ, ਉਸ ਰਿਜ਼ਕ ਸੇ ਮੌਤ ਅੱਛੀ।

ਜਿਸ ਰਿਜ਼ਕ ਸੇ ਆਤੀ ਹੋ, ਪਰਵਾਜ਼ ਮੇ ਕੋਤਾਹੀ।

© 2011 | All rights reserved | Terms & Conditions