ਸਿੱਖ ਨੌਜਵਾਨ ਜਥੇਬੰਦੀ 'ਸਿੱਖ ਯੂਥ ਆਫ਼ ਪੰਜਾਬ' ਵਲੋਂ “ਵਰਲਡ ਵਾਟਰ ਵੀਕ 2019” ਮਨਾਉਣ ਲਈ ਪਿੰਡ ਪੱਧਰੀ ਸਮਾਗਮ ਕੀਤੇ ਜਾਣਗੇ
Submitted by Administrator
Saturday, 24 August, 2019- 07:26 pm
ਸਿੱਖ ਨੌਜਵਾਨ ਜਥੇਬੰਦੀ 'ਸਿੱਖ ਯੂਥ ਆਫ਼ ਪੰਜਾਬ' ਵਲੋਂ  “ਵਰਲਡ ਵਾਟਰ ਵੀਕ 2019” ਮਨਾਉਣ ਲਈ ਪਿੰਡ ਪੱਧਰੀ ਸਮਾਗਮ ਕੀਤੇ ਜਾਣਗੇ
ਜਲੰਧਰ: ਸਿੱਖ ਨੌਜਵਾਨ ਜਥੇਬੰਦੀ “ਸਿੱਖ ਯੂਥ ਆਫ਼ ਪੰਜਾਬ” ਨੇ “ਵਰਲਡ ਵਾਟਰ ਵੀਕ 2019” ਮਨਾਉਣ ਲਈ ਪਿੰਡ ਪੱਧਰੀ ਸਮਾਗਮ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਯੂ.ਐਨ-ਵਾਟਰ ਵੱਲੋਂ ਕਰਵਾਏ ਜਾ ਰਹੇ ਇਕ ਸਮਾਗਮ “ਸਮਾਜ ਲਈ ਪਾਣੀ - ਸਮੇਤ ਸਾਰੇ( ਵਾਟਰ ਫਾਰ ਸੁਸਾਇਟੀ- ਇਨਕਲਿਉਡਿੰਗ ਆਲ)” ਵਿਸ਼ੇ ਨੂੰ ਸੰਬੋਧਿਤ ਕੀਤਾ ਜਾਵੇਗਾ। ਇਹ ਹਫਤਾ 25-30 ਅਗਸਤ ਤੱਕ ਆਯੋਜਿਤ ਕੀਤਾ ਜਾਵੇਗਾ। ਹਫਤੇ ਦੇ ਅੰਤ ਵਿੱਚ, ਐਸਵਾਈਪੀ ਕਰਤਾਰਪੁਰ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕਰੇਗੀ ਜਿਸ ਵਿੱਚ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਸ਼ਾਮਲ ਹੋਣਗੀਆਂ।
 
ਜਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਜਲ ਹਫਤਾ ਅਧਿਕਾਰਤ ਤੌਰ' ਤੇ ਸਟਾਕਹੋਮ ਵਿਖੇ ਮਨਾਉਣ ਦੀ ਯੋਜਨਾ ਬਣਾਈ ਗਈ ਹੈ ਜੋ ਵਿਸ਼ਵਵਿਆਪੀ ਪਾਣੀ ਦੇ ਮੁੱਦਿਆਂ ਲਈ ਇਕ ਸਾਲਾਨਾ ਫੋਕਲ ਪੁਆਇੰਟ ਹੋਵੇਗਾ। ਇਹ ਪ੍ਰੋਗਰਾਮ "ਸਟਾਕਹੋਮ ਇੰਟਰਨੈਸ਼ਨਲ ਵਾਟਰ ਇੰਸਟੀਚਿਊਟ (ਐਸ.ਆਈ.ਡਬਲਯੂ.ਆਈ)" ਦੁਆਰਾ ਆਯੋਜਿਤ ਕੀਤਾ ਗਿਆ ਹੈ।
 
ਬੀਤੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਬਣੀ ਹੜ੍ਹਾਂ ਦੀ ਸਥਿਤੀ ਉੱਤੇ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਇਸ ਲਈ "ਭਾਖੜਾ ਬਿਆਸ ਪ੍ਰਬੰਧਕੀ ਬੋਰਡ" ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਟਿੱਪਣੀ ਕਿ "ਹੜ੍ਹ ਲਈ ਭਾਖੜਾ ਬੋਰਡ ਜ਼ਿੰਮੇਵਾਰ ਨਹੀਂ ਹੈ, ਸਗੋਂ ਪਹਾੜੀ ਇਲਾਕਿਆਂ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਇਹ ਹਾਲਾਤ ਬਣੇ ਹਨ" ਉੱਤੇ ਤੰਦ ਕੱਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੱਚ ਬੋਲਣ ਦਾ ਮਾਦਾ ਗਵਾ ਚੁੱਕੇ ਹਨ ਅਤੇ ਕੇਂਦਰ ਦੀ ਸਰਕਾਰ ਅੱਗੇ ਝੁਕੇ ਦਿਖਾਈ ਦੇ ਰਹੇ ਹਨ। ਉਨ੍ਹਾਂ ਸ਼ੰਕਾਂ ਜਾਹਰ ਕੀਤਾ ਕਿ ਇਸ ਨਾਲ ੩ ਸਤੰਬਰ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਹੋਣ ਵਾਲੀ ਸੁਣਵਾਈ 'ਤੇ ਵੀ ਅਸਰ ਪੈ ਸਕਦਾ ਹੈ।
 
ਉਨ੍ਹਾਂ ਕਿਹਾ ਕਿ ਜੇਕਰ ਮੰਨ ਵੀ ਲਿਆ ਜਾਵੇ ਕਿ ਪਹਾੜੀ ਇਲਾਕੇ ਵਿੱਚ ਮੀਂਹ ਜ਼ਿਆਦਾ ਪਏ ਹੋਣ, ਫਿਰ ਵੀ ਇਸ ਵਿੱਚ ਬੋਰਡ ਅਤੇ ਮੌਸਮ ਵਿਭਾਗ ਦੀ ਹੀ ਨਾਲਾਇਕੀ ਹੈ ਕਿ ਉਨ੍ਹਾਂ ਨੇ ਇਸ ਬਣਨ ਵਾਲੀ ਸਥਿਤੀ ਦਾ ਪਹਿਲਾਂ ਅੰਦਾਜ਼ਾ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ ਕਿਉਂਕਿ ਬੀਬੀਐੱਮਬੀ ਕੇਂਦਰ ਅਧੀਨ ਆਉਂਦਾ ਹੈ। ਪਰ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਫੰਡ ਨਾ ਦੇਣ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੁਣ ਮੁਆਵਜ਼ਿਆਂ ਦੀ ਮੰਗ ਕਰਨਾ ਛੱਡਣ ਅਤੇ ਆਪਣਾ ਬਣਦਾ ਹੱਕ ਲੈਣ ਲਈ ਸੰਘਰਸ਼ਸ਼ੀਲ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚਾਹੀਦਾ ਹੈ ਕਿ ਉਹ ਭੀਖ ਮੰਗਣ ਦੀ ਬਜਾਏ ਬੀਬੀਐੱਮਬੀ ਦਾ ਪ੍ਰਬੰਧ ਆਪਣੇ ਅਧੀਨ ਕਰਨ ਦੀ ਗੱਲ ਕਰੇ ਤਾਂ ਜੋ ਅੱਗੇ ਤੋਂ ਅਜਿਹੀ ਸਥਿਤੀ ਨਾ ਬਣੇ ਅਤੇ ਪੰਜਾਬ ਨੂੰ ਇੱਕ ਵਾਧੂ ਬਿਜਲੀ ਵਾਲਾ ਸੂਬਾ ਵੀ ਬਣਾਇਆ ਜਾ ਸਕੇ।
 
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਭਿੰਡਰ, ਸਤਵੀਰ ਸਿੰਘ, ਇੰਦਰਪ੍ਰੀਤ ਸਿੰਘ ਪ੍ਰਿੰਸ, ਕਮਲਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖੀ ਵੀ ਹਾਜ਼ਰ ਸਨ।
© 2011 | All rights reserved | Terms & Conditions