ਕੀ ਕਸ਼ਮੀਰੀਆਂ 'ਤੇ ਹੋ ਰਿਹਾ ਅੰਤਾਂ ਦਾ ਜ਼ੁਲਮ ਸਮੁੱਚੇ ਸਾਊਥ ਏਸ਼ੀਆ 'ਤੇ ਕਹਿਰ ਬਣ ਕੇ ਟੁੱਟੇਗਾ ? : Dr. Amarjit Singh washington D.C
Submitted by Administrator
Sunday, 1 September, 2019- 12:56 pm
ਕੀ ਕਸ਼ਮੀਰੀਆਂ 'ਤੇ ਹੋ ਰਿਹਾ ਅੰਤਾਂ ਦਾ ਜ਼ੁਲਮ ਸਮੁੱਚੇ ਸਾਊਥ ਏਸ਼ੀਆ 'ਤੇ ਕਹਿਰ ਬਣ ਕੇ ਟੁੱਟੇਗਾ ? :  Dr. Amarjit Singh washington D.C


ਪਿਛਲੇ ਲਗਭਗ ਚਾਰ ਹਫ਼ਤਿਆਂ ਤੋਂ ਹੀ ਕਸ਼ਮੀਰ ਵਾਦੀ ਇੱਕ ਖੁੱਲ੍ਹੀ-ਜੇਲ੍ਹ ਬਣਿਆ ਹੋਇਆ ਹੈ। ਇਹ ਲਿਖਤ ਲਿਖਣ ਵੇਲੇ ਤੱਕ ਕਸ਼ਮੀਰ, ਦੁਨੀਆ ਨਾਲੋਂ ਅਲੱਗ-ਅਲੱਗ ਹੈ ਅਤੇ ਲੋਕਾਂ ਨੂੰ ਸੰਚਾਰ, ਸਿਹਤ, ਐਂਬੂਲੈਂਸ, ਫ਼ੋਨ, ਇੰਟਰਨੈੱਟ ਵਰਗੀਆਂ ਸਹੂਲਤਾਂ ਤੋਂ ਪੂਰੀ ਤਰ੍ਹਾਂ ਵਾਂਝਿਆਂ ਰੱਖਿਆ ਗਿਆ ਹੈ। ਪੈਲਟ ਗੰਨਾਂ ਅਤੇ ਅੱਥਰੂ ਗੈਸ ਦਾ ਸ਼ਿਕਾਰ ਬੱਚੇ, ਹਸਪਤਾਲਾਂ ਵਿੱਚ ਆ ਰਹੇ ਹਨ। ਸਿਵਲੀਅਨ ਮੌਤਾਂ ਹੋ ਰਹੀਆਂ ਹਨ ਪਰ ਅਧਿਕਾਰੀਆਂ ਵੱਲੋਂ 'ਮੌਤ ਦੇ ਸਰਟੀਫਿਕੇਟ' ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਾਬਤ ਕਰਨਾ ਚਾਹੁੰਦੇ ਹਨ ਕਿ ਹਾਲਾਤ ਬਿਲਕੁਲ ਆਮ ਵਾਂਗ ਹਨ ਅਤੇ ਲੋਕ ਧਾਰਾ-370 ਖ਼ਤਮ ਕਰਨ ਦਾ ਜਸ਼ਨ ਮਨਾ ਰਹੇ ਹਨ।


ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਮਾਂ ਨੂੰ ਵੀ ਆਪਣੀ ਧੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੇਲ੍ਹ ਵਿੱਚ ਡੱਕੇ ਕਸ਼ਮੀਰੀ ਆਗੂ ਯਾਸੀਨ ਮਲਿਕ ਦੀ ਪਤਨੀ ਮਿਸ਼ੇਲ ਮਲਿਕ ਨੇ ਦੋਸ਼ ਲਾਇਆ ਹੈ ਕਿ ਕਸ਼ਮੀਰ ਵਿੱਚ ਭਾਰਤੀ ਫ਼ੌਜ ਵੱਲੋਂ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਦੇਸ਼ੀ ਮੀਡੀਏ ਦਾ ਕਹਿਣਾ ਹੈ ਕਿ ਦਿਨ ਵੇਲੇ ਫ਼ੌਜੀ ਧਾਰਾ-370 ਦੇ ਹੱਕ ਵਿੱਚ ਪਰਚੇ ਵੰਡਦੇ ਹਨ ਅਤੇ ਰਾਤ ਨੂੰ ਲੋਕਾਂ ਦੇ ਘਰਾਂ 'ਤੇ ਹਮਲੇ ਕਰਕੇ ਘਰਾਂ ਵਿੱਚੋਂ ਨੌਜਵਾਨਾਂ ਨੂੰ ਚੁੱਕਿਆ ਜਾਂਦਾ ਹੈ ਅਤੇ ਔਰਤਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ।


ਇੱਕ ਅੰਦਾਜ਼ੇ ਮੁਤਾਬਿਕ 10 ਹਜ਼ਾਰ ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਦੇ ਯੂ.ਪੀ., ਬਿਹਾਰ ਵਰਗੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਹਿਊਮਨ ਰਾਈਟਸ ਵਾਚ ਸਮੇਤ ਕਈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਭਾਰਤੀ ਜ਼ੁਲਮਾਂ ਸਬੰਧੀ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।


ਜੰਮੂ-ਕਸ਼ਮੀਰ ਦੇ ਗਵਰਨਰ ਸਤਪਾਲ ਮਲਿਕ ਵੱਲੋਂ ਤਿੰਨ ਹਫ਼ਤੇ ਬਾਅਦ ਕੀਤੀ ਆਪਣੀ ਪਹਿਲੀ ਪ੍ਰੈੱਸ ਕਾਨਫ਼ਰੰਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਸ਼ਮੀਰ ਪੂਰੀ ਤਰ੍ਹਾਂ ਸ਼ਾਂਤ ਹੈ, ਕੋਈ ਮੌਤ ਨਹੀਂ ਹੋਈ ਅਤੇ ਥੋੜ੍ਹੇ ਜਿੰਨੇ ਜ਼ਖ਼ਮੀ ਹਨ ਪਰ ਉਨ੍ਹਾਂ ਦੇ ਜ਼ਖ਼ਮ ਲੱਕ ਤੋਂ ਹੇਠਾਂ ਹਨ। ਉਸ ਵੱਲੋਂ ਕਸ਼ਮੀਰੀਆਂ ਦੀ ਪਛਾਣ ਤੇ ਸ਼ਾਨ ਕਾਇਣ ਰੱਖਣ ਦੇ ਦਾਅਵਿਆਂ ਨਾਲ 50 ਹਜ਼ਾਰ ਨਵੀਆਂ ਨੌਕਰੀਆਂ ਦੇਣ ਦਾ ਸ਼ੋਸ਼ਾ ਵੀ ਛੱਡਿਆ ਗਿਆ ਹੈ। ਭਾਰਤੀ ਸੁਪਰੀਮ ਕੋਰਟ ਨੇ ਧਾਰਾ-370 ਖ਼ਤਮ ਕਰਨ ਦੇ ਫ਼ੈਸਲੇ ਨੂੰ ਦਿੱਤੀ ਗਈ ਚੁਨੌਤੀ ਅਤੇ ਪਟੀਸ਼ਨ 'ਤੇ ਅਮਲ ਕਰਦਿਆਂ ਪੰਜ ਜੱਜਾਂ ਦਾ ਇੱਕ ਬੈਂਚ ਸਥਾਪਤ ਕੀਤਾ ਹੈ, ਜਿਹੜਾ ਕਿ ਇਸ ਕਾਨੂੰਨ ਦੀ ਸੰਵਿਧਾਨਤਾ 'ਤੇ ਵਿਚਾਰ ਕਰੇਗਾ। ਮੀਡੀਏ ਵੱਲੋਂ ਮੋਦੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਹਰ ਵਿਅਕਤੀ ਨੂੰ ਦੇਸ਼-ਧ੍ਰੋਹੀ ਗਰਦਾਨਿਆ ਜਾ ਰਿਹਾ ਹੈ। ਭਾਰਤ ਭਰ ਵਿੱਚ ਇੱਕ ਸਹਿਮ ਦਾ ਮਾਹੌਲ ਹੈ, ਜਿਸ ਲਈ ਬਹੁਤਿਆਂ ਦੀਆਂ ਜ਼ੁਬਾਨਾਂ ਨੂੰ ਤਾਲੇ ਲੱਗੇ ਹੋਏ ਹਨ।


ਪਾਕਿਸਤਾਨ ਵੱਲੋਂ ਇਸ ਸਬੰਧੀ ਸਟੈਂਡ ਸਖ਼ਤ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਆਪਣੀ ਕੌਮ ਨੂੰ ਕੀਤੇ ਸੰਬੋਧਨ ਵਿੱਚ ਇਸ ਲੜਾਈ ਨੂੰ ਅੰਤਿਮ ਅੰਜਾਮ ਤੱਕ ਲਿਜਾਣ ਦਾ ਇਕਰਾਰ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦੋਹਾਂ ਦੇਸ਼ਾਂ ਦੇ ਨਿਊਕਲੀਅਰ ਹਥਿਆਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਤ ਦੋਹਾਂ ਦੇਸ਼ਾਂ ਦੀ ਮੁਕੰਮਲ ਤਬਾਹੀ ਦੇ ਰੂਪ ਵਿੱਚ ਨਿਕਲੇਗਾ। ਉਨ੍ਹਾਂ ਨੇ ਅੰਤਰਰਾਸ਼ਟਰੀ ਤੌਰ 'ਤੇ ਕਸ਼ਮੀਰ ਮੁੱਦੇ ਦਾ ਆਪਣੇ ਆਪ ਨੂੰ ਅੰਬੈਸਡਰ ਐਲਾਨਦਿਆਂ ਕਸ਼ਮੀਰੀਆਂ ਨਾਲ ਅਖੀਰਲੇ ਸਾਹ ਤੱਕ ਖਲੋਣ ਦਾ ਵਾਅਦਾ ਕੀਤਾ।


ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਸ਼ੀਦ ਨੇ ਇੱਕ ਇਕੱਠ ਵਿੱਚ ਬੋਲਦਿਆਂ ਇੰਕਸ਼ਾਫ਼ ਕੀਤਾ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਸਤੰਬਰ-ਅਕਤੂਬਰ ਵਿੱਚ ਖੁੱਲ੍ਹੀ ਜੰਗ ਹੋਣ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਅਨੁਸਾਰ ਇਹ ਜੰਗ 'ਆਖ਼ਰੀ' ਹੋਵੇਗੀ।


ਸਾਊਥ ਏਸ਼ੀਆ ਵਿੱਚ ਕਸ਼ੀਦਗੀ ਅਤੇ ਟਕਰਾਅ ਦੇ ਮਾਹੌਲ ਦਾ ਅੰਦਾਜ਼ਾ ਇਸ ਛੇਕੜਲੀ ਖ਼ਬਰ ਤੋਂ ਲਗਾਇਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ 29 ਅਗਸਤ ਨੂੰ ਪਾਕਿਸਤਾਨ ਨੇ 'ਸਰਫੇਸ ਤੋਂ ਸਰਫੇਸ' ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਇਲ ਦਾ ਟੈਸਟ ਫਾਇਰ ਕੀਤਾ। 290 ਕਿੱਲੋਮੀਟਰ ਤੱਕ ਮਾਰ ਕਰਨ ਵਾਲੀ ਇਸ ਮਿਜ਼ਾਈਲ ਦਾ ਨਾਂ 'ਗ਼ਜ਼ਨਵੀ' ਰੱਖਿਆ ਗਿਆ ਹੈ। ਇਸ ਮਿਜ਼ਾਇਲ 'ਤੇ ਨਿਊਕਲੀਅਰ ਵਾਰ ਹੈੱਡ ਫਿੱਟ ਕੀਤੇ ਜਾ ਸਕਦੇ ਹਨ। 290 ਕਿੱਲੋਮੀਟਰ ਰੇਂਜ ਦਾ ਮਤਲਬ ਹੈ ਕਿ ਵਾਘਾ ਜਾਂ ਹੁਸੈਨੀਵਾਲਾ ਬਾਰਡਰ ਤੋਂ ਲੈ ਕੇ ਦਿੱਲੀ ਤੱਕ ਸਮੁੱਚੀ ਬੈਲਟ ਇਸ ਦੀ ਮਾਰ ਹੇਠ ਹੋਵੇਗੀ। ਪਾਕਿਸਤਾਨ ਕੋਲ ਦੂਰ ਤੱਕ ਮਾਰ ਕਰਨ ਵਾਲੀਆਂ ਨਿਊਕਲੀਅਰ ਮਿਜ਼ਾਈਲਾਂ ਵੀ ਹਨ ਪਰ ਇਸ ਸਮੇਂ 290 ਕਿੱਲੋਮੀਟਰ ਰੇਂਜ ਦੀ ਮਿਜ਼ਾਇਲ ਭਾਰਤੀ ਹਾਕਮਾਂ ਦੀਆਂ ਅੱਖਾਂ ਖੋਲ੍ਹਣ ਲਈ ਕਾਫ਼ੀ ਹੈ ਕਿ ਅੱਗੇ ਜਾਣ ਤੋਂ ਪਹਿਲਾਂ ਆਪਣੀ ਸਲਾਮਤੀ ਦਾ ਜ਼ਰਾ ਧਿਆਨ ਧਰ ਲਵੋ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਭੜਕਾਊ ਬਿਆਨਬਾਜ਼ੀਆਂ ਅਤੇ ਜੰਗੀ ਧਮਕੀਆਂ ਦੇਣ ਲਈ ਪਾਕਿਸਤਾਨ ਦੀ ਨਿਖੇਧੀ ਕੀਤੀ ਗਈ ਹੈ ਅਤੇ ਉਸ ਨੂੰ ਇੱਕ ਚੰਗੇ ਗਵਾਂਢੀ ਵਾਂਗ ਰਹਿਣ ਦੀ ਸਲਾਹ ਦਿੱਤੀ ਗਈ ਹੈ। ਭਾਰਤ ਇਹ ਸਮਝਦਾ ਹੈ ਕਿ ਉਸ ਨੇ 80 ਲੱਖ ਕਸ਼ਮੀਰੀਆਂ ਨੂੰ ਕਸ਼ਮੀਰ ਘਾਟੀ ਵਿੱਚ ਪੱਕੇ ਤੌਰ 'ਤੇ ਜੰਗੀ ਕੈਦੀ ਬਣਾ ਲਿਆ ਹੈ ਅਤੇ ਕਿਸੇ ਨੂੰ ਇਸ 'ਤੇ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ ਕਿਉਂਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ।


ਸੰਸਾਰ ਦੀਆਂ ਚੋਣਵੀਂਆਂ ਵੱਡੀਆਂ ਜੰਗਾਂ ਦੀ ਤਵਾਰੀਖ ਦੇ ਜਾਣਕਾਰ ਜਾਣਦੇ ਹਨ ਕਿ ਇਸ ਕਿਸਮ ਦੀ ਤਲਖ਼ੀ, ਬੇ-ਇਤਬਾਰੀ ਅਤੇ ਭੜਕਾਹਟ ਦੌਰਾਨ ਅਚਾਨਕ ਜੰਗ ਛਿੜ ਪਈ ਸੀ, ਜਿਸ ਨੂੰ ਰੋਕਣਾ ਫੇਰ ਕਿਸੇ ਦੇ ਵੱਸ ਵਿੱਚ ਨਹੀਂ ਸੀ। ਇਹ ਜੰਗਾਂ ਕਰੋੜਾਂ ਜ਼ਿੰਦਗੀਆਂ ਦਾ ਖੌਅ ਬਣੀਆਂ ਸਨ! ਉਦੋਂ ਤਾਂ ਸਿਰਫ਼ ਅਮਰੀਕਾ ਕੋਲ ਕਮਜ਼ੋਰ ਜਿਹੀ ਕਿਸਮ ਦੇ ਐਟਮ ਬੰਬ ਸਨ, ਜਿਹੜੇ ਉਨ੍ਹਾਂ ਨੇ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਦੀ ਤਬਾਹੀ ਲਈ ਵਰਤੇ। ਪਰ ਹੁਣ ਤਾਂ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਕੋਲ ਸੈਂਕੜਿਆਂ ਨਿਊਕਲੀਅਰ ਵਾਰ ਹੈੱਡ ਵਾਲੀਆਂ ਮਿਜ਼ਾਈਲਾਂ ਹਨ, ਜਿਹੜੀਆਂ ਕਿਤਿਓਂ ਵੀ ਦਾਗ਼ੀਆਂ ਜਾ ਸਕਦੀਆਂ ਹਨ ਹਨ, ਜਿਨ੍ਹਾਂ ਨੂੰ ਰੋਕਣ ਦੀ ਸਮਰੱਥਾ ਕਿਸੇ ਕੋਲ ਨਹੀਂ ਹੈ। ਇਸ ਦਾ ਮਤਲਬ ਸਾਊਥ ਏਸ਼ੀਆ ਦੇ ਦੋ ਬਿਲੀਅਨ ਲੋਕਾਂ ਦੀ ਮੁਕੰਮਲ ਤਬਾਹੀ ਹੀ ਹੋਵੇਗਾ।


ਇਮਰਾਨ ਖ਼ਾਨ ਨੇ ਠੀਕ ਕਿਹਾ ਹੈ ਕਿ ਜੇ ਜੰਗ ਸ਼ੁਰੂ ਹੁੰਦੀ ਹੈ ਤਾਂ ਰੋਕਣਾ ਕਿਸੇ ਦੇ ਵੀ ਵੱਸ ਵਿੱਚ ਨਹੀਂ ਹੋਵੇਗਾ। ਅੰਤਰਰਾਸ਼ਟਰੀ ਤਾਕਤਾਂ ਦੀ ਚੁੱਪ 'ਸਾਜ਼ਿਸ਼ੀ' ਬਣਦੀ ਨਜ਼ਰ ਆ ਰਹੀ ਹੈ। ਜੇ 80 ਲੱਖ ਲੋਕਾਂ ਦੀ ਚੀਖੋ-ਪੁਕਾਰ ਕਿਸੇ ਦੇ ਦਿਲ ਨੂੰ ਨਹੀਂ ਟੁੰਬ ਰਹੀ ਤਾਂ ਫੇਰ ਕਿਤੇ ਇਹ ਨਾ ਹੋਵੇ ਕਿ ਕਸ਼ਮੀਰੀਆਂ 'ਤੇ ਇਹ ਅੰਤਾਂ ਦਾ ਜ਼ੁਲਮ ਸਮੁੱਚੇ ਸਾਊਥ ਏਸ਼ੀਆ 'ਤੇ ਕਹਿਰ ਬਣ ਕੇ ਟੁੱਟੇ। ਫੇਰ ਬਾਕੀ ਦੁਨੀਆ ਵੀ ਨਿਊਕਲੀਅਰ ਤਬਾਹੀ ਦੇ ਅਸਰ ਤੋਂ ਬਚ ਨਹੀਂ ਸਕੇਗੀ।

© 2011 | All rights reserved | Terms & Conditions