ਹਿੰਦੂ ਭਾਰਤ ਬਨਾਮ ਸੈਕੂਲਰ ਭਾਰਤ : Dr. Amarjit Singh washington D.C
Submitted by Administrator
Tuesday, 15 October, 2019- 01:55 am
ਹਿੰਦੂ ਭਾਰਤ ਬਨਾਮ ਸੈਕੂਲਰ ਭਾਰਤ :  Dr. Amarjit Singh washington D.C

ਹਿੰਦੂ ਰਾਸ਼ਟਰ ਦੀਆਂ ਸਰਗਰਮੀਆਂ-
* ਭਾਰਤ ਦੇ ਰੱਖਿਆ ਮੰਤਰੀ ਨੇ ਫਰਾਂਸ ਵਿੱਚ ਰਫਾਲ ਜਹਾਜ਼ ਦੀ ਵਸੂਲੀ ਵੇਲੇ ਰਫਾਲ ਦੇ ਪਹੀਆਂ ਹੇਠ ਨਿੰਬੂ ਰੱਖਿਆ, ਨਾਰੀਅਲ ਭੇਟ ਕਰਕੇ, ਓਮ ਲਿਖ ਕੇ ਕੀਤੀ 'ਸ਼ਸਤਰ ਪੂਜਾ'!
'ਭਾਰਤ ਵਿੱਚ ਲਿੰਚਿੰਗ ਦੀ ਗੱਲ ਕਰਨ ਵਾਲੇ, ਭਾਰਤ ਨੂੰ ਬਦਨਾਮ ਕਰ ਰਹੇ ਹਨ - ਆਰ. ਐਸ. ਐਸ. ਮੁਖੀ
ਜਿਹੜੇ ਭਾਰਤ ਮਾਤਾ ਕੀ ਜੈ ਨਹੀਂ ਕਹਿੰਦੇ ਉਹ ਪਾਕਿਸਤਾਨੀ ਹਨ - ਹਰਿਆਣੇ ਤੋਂ ਬੀਜੇਪੀ ਵਿਧਾਨ ਸਭਾ ਉਮੀਦਵਾਰ
ਸੈਕੂਲਰ ਭਾਰਤ ਦੀ ਤੜਪ ਰੱਖਣ ਵਾਲੇ-
* ਬੰਗਾਲ ਸਰਕਾਰ ਵਲੋਂ ਤਿਆਰ ਐਂਟੀ -ਮੌਬ ਲਿੰਚਿੰਗ ਬਿੱਲ ਅਨੁਸਾਰ ਲਿੰਚਿੰਗ ਲਈ ਹੋਵੇਗੀ ਉਮਰ ਕੈਦ ਅਤੇ 5 ਲੱਖ ਰੁਪੱਈਏ ਜੁਰਮਾਨਾ
* ਭਾਰਤ ਦੀਆਂ 1300 ਤੋਂ ਜ਼ਿਆਦਾ ਮਸ਼ਹੂਰ ਹਸਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿੰਚਿੰਗ ਦੇ ਖਿਲਾਫ ਲਿਖੇ ਖੁੱਲ੍ਹੇ ਪੱਤਰ ਦੀ ਕੀਤੀ ਹਮਾਇਤ!
ਅਖੀਰ ਭਾਰਤ ਹੋਵੇਗਾ ਟੁਕੜੇ-ਟੁਕੜੇ!


         ਵਾਸ਼ਿੰਗਟਨ (ਡੀ. ਸੀ.) 12 ਅਕਤੂਬਰ, 2019 - ਭਾਰਤ ਦਾ ਵਰਤਾਰਾ ਪੂਰੀ ਤਰ੍ਹਾਂ ਇੱਕ ਹਿੰਦੂ ਰਾਸ਼ਟਰ ਵਾਲਾ ਹੈ, ਜਿਸ ਦਾ ਸਬੂਤ ਭਾਰਤ 'ਚ ਹਰ ਪੱਧਰ ਤੇ ਹਿੰਦੂ ਰਹੁਰੀਤਾਂ, ਅੰਧ-ਵਿਸ਼ਵਾਸ, ਜਾਤੀਵਾਦ, ਫਿਰਕੂ-ਨਫਰਤ ਅਤੇ ਜੰਤਰ-ਮੰਤਰ-ਤੰਤਰ ਨੂੰ ਦਿੱਤਾ ਜਾ ਰਿਹਾ ਬੜਾਵਾ ਹੈ। ਇਹ ਹਿੰਦੂਵਾਦ ਸਿਰਫ ਭਾਰਤ ਦੀਆਂ ਹੱਦਾਂ ਤੱਕ ਹੀ ਮਹਿਦੂਦ ਨਹੀਂ ਰਿਹਾ ਬਲਕਿ ਇਸ ਦੀ ਗੂੰਜ ਫਰਾਂਸ ਵਿੱਚ ਵੀ ਸੁਣਾਈ ਦਿੱਤੀ। ਮੋਦੀ ਨੇ ਫਰਾਂਸ ਸਰਕਾਰ ਤੋਂ ਰਫਾਲ ਜਹਾਜ਼ਾਂ ਦੀ ਖਰੀਦ ਲਈ 60 ਹਜ਼ਾਰ ਕਰੋੜ ਰੁਪੱਈਏ ਦਾ ਸੌਦਾ ਕੀਤਾ, ਜਿਸ ਵਿੱਚ 30 ਹਜ਼ਾਰ ਕਰੋੜ ਉਸ ਦੇ ਯਾਰ ਮੁਕੇਸ਼ ਅੰਬਾਨੀ (ਮਾਲਕ ਰਿਲਾਇੰਸ) ਦੀ ਮਲਕੀਅਤ ਹੈ। ਮੋਦੀ ਨੇ ਸਾਰੇ ਸਿਸਟਮ ਨੂੰ ਉਲੰਘ ਕੇ ਸਿੱਧਮ-ਸਿੱਧੇ ਫਰਾਂਸ ਦੇ ਪ੍ਰਧਾਨ ਨਾਲ ਇਹ ਭ੍ਰਿਸ਼ਟ ਸੌਦਾ ਕੀਤਾ। ਥੋੜ੍ਹਾ ਬਹੁਤ ਰੌਲਾ-ਗੌਲਾ ਹੋਇਆ, ਮਦਰਾਸ ਤੋਂ ਛਪਦੇ 'ਦੀ ਹਿੰਦੂ' ਅਖਬਾਰ ਨੇ ਇਸ ਨੂੰ ਭਾਰਤ ਦਾ ਵਾਟਰਗੇਟ ਸਕੈਂਡਲ ਦੱਸਦਿਆਂ ਕੁਝ ਖੁਫੀਆ ਫਾਇਲਾਂ ਉਸ ਕੋਲ ਹੋਣ ਦਾ ਦਾਅਵਾ ਕੀਤਾ ਪਰ ਛੇਤੀਂ ਹੀ ਉਸ ਨੂੰ 'ਚੁੱਪ' ਕਰਵਾ ਦਿੱਤਾ ਗਿਆ। ਆਮ ਜਨਤਾ ਦੇ 30 ਹਜ਼ਾਰ ਕਰੋੜ ਹੜੱਪ ਕੇ ਰਾਫੇਲ ਦੀ 'ਸੌਦੇਬਾਜ਼ੀ' ਦਾ ਉਦਘਾਟਨ ਕਰਨ ਲਈ ਭਾਰਤ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਪਿਛਲੇ ਦਿਨੀਂ ਫਰਾਂਸ ਪਹੁੰਚਿਆ। ਲਕਸ਼ਮੀ ਦੇਵੀ ਦੀ ਪੂਜਾ ਕਰਨ ਵਾਲੇ ਹਿੰਦੂਤਵੀ, ਅੱਜਕੱਲ੍ਹ ਦੁਸਹਿਰੇ ਮੌਕੇ ਸ਼ਸਤਰ ਪੂਜਾ ਦਾ ਨਾਟਕ ਵੀ ਕਰਦੇ ਹਨ। ਹਥਿਆਰਾਂ ਨਾਲ ਲੈਸ, ਆਰ. ਐਸ. ਐਸ. ਦੇ ਗੁੰਡੇ, ਭਾਰਤ ਦੇ ਸ਼ਹਿਰਾਂ, ਕਸਬਿਆਂ, ਮੁਹੱਲਿਆਂ ਵਿੱਚ ਮਾਰਚ ਕਰਕੇ, ਘੱਟਗਿਣਤੀਆਂ ਵਿੱਚ ਇੱਕ ਸਹਿਮ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਰਾਜਨਾਥ ਸਿੰਘ ਨੇ ਫਰਾਂਸ ਵਿੱਚ ਆਪਣੀ ਹਿੰਦੂਤਵੀ ਰਹੁਰੀਤ ਦਾ ਵਿਖਾਵਾ ਕਰਦਿਆਂ, ਰਾਫੇਲ ਜਹਾਜ਼ ਨੂੰ ਹੀ ਸ਼ਸਤਰ ਪੂਜਾ ਦਾ ਮਾਧਿਅਮ ਬਣਾ ਧਰਿਆ।
        ਮੀਡੀਏ ਵਿੱਚ ਉਹ ਤਸਵੀਰਾਂ ਆਈਆਂ ਹਨ, ਜਿਨ੍ਹਾਂ ਵਿੱਚ ਰਾਜਨਾਥ ਸਿੰਘ, ਰਫਾਲ ਜਹਾਜ਼ ਦੇ ਪਹੀਆਂ ਹੇਠਾਂ ਨਿੰਬੂ ਰੱਖਦੇ ਹਨ, ਜਹਾਜ਼ ਨੂੰ ਨਾਰੀਅਲ ਚੜ੍ਹਾਉਂਦੇ ਹਨ ਅਤੇ ਜਹਾਜ਼ ਦੇ ਉੱਪਰ ਓਮ ਲਿਖ ਰਹੇ ਹਨ। ਇਹ ਸਾਰੀਆਂ ਹਿੰਦੂ ਅੰਧ-ਵਿਸ਼ਵਾਸ ਨਾਲ ਜੁੜੀਆਂ ਰਸਮਾਂ, ਇੱਕ ਸੈਕੂਲਰ ਭਾਰਤ ਦਾ ਰੱਖਿਆ ਮੰਤਰੀ ਫਰਾਂਸ ਦੀ ਧਰਤੀ 'ਤੇ ਕਰਕੇ, ਕੀ ਸਿੱਧਮ-ਸਿੱਧਾ ਐਲਾਨ ਨਹੀਂ ਕਰ ਰਿਹਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਬਣ ਚੁੱਕਾ ਹੈ? ਸੋਸ਼ਲ ਮੀਡੀਆ 'ਤੇ ਭਾਰਤ ਦੀ ਹਿੰਦੂਤਵੀ ਸੋਚ ਦਾ ਖੂਬ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਇੱਕ ਯੂਜ਼ਰ ਦੀ ਟਿੱਪਣੀ ਭਾਵ-ਪੂਰਤ ਹੈ। ਉਸ ਦਾ ਕਹਿਣਾ ਹੈ - 'ਮੁਲਕ ਦੀ ਹਿਫਾਜ਼ਤ ਲਈ ਰਫਾਲ ਖਰੀਦਿਆ, ਰਫਾਲ ਦੀ ਹਿਫਾਜ਼ਤ ਲਈ ਨਿੰਬੂ! ਇਸ ਨਾਲੋਂ ਚੰਗਾ ਸੀ ਕਿ ਬਾਰਡਰ 'ਤੇ ਨਿੰਬੂ ਦੇ ਦਰਖਤ ਹੀ ਲਾ ਦਿਓ, ਤਾਂ ਕਿ ਦੁਸ਼ਮਣ ਦੇ ਦੰਦ ਖੱਟੇ ਕਰਨ ਦੇ ਕੰਮ ਆਉਂਦੇ!' ਪਰ ਇਸ ਸਾਰੇ ਕਰਮ-ਕਾਂਡ ਨਾਲ ਭਾਰਤੀ ਹਾਕਮ ਇਹ ਸੁਨੇਹਾ ਦੇ ਰਹੇ ਹਨ ਕਿ ਸਾਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ, ਅਸੀਂ ਹਿੰਦੂਤਵੀ ਵਿਚਾਰਧਾਰਾ ਲਾਗੂ ਕਰ ਦਿੱਤੀ ਹੈ।
         ਦੁਸਹਿਰੇ ਮੌਕੇ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨੇ ਨਾਗਪੁਰ ਵਿੱਚ ਇੱਕ ਵੱਡੇ ਹਿੰਦੂਤਵੀ ਜਲਸੇ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਨ ਵਿੱਚ ਆਰ. ਐਸ. ਐਸ. ਮੁਖੀ ਨੇ ਕਿਹਾ - 'ਲਿੰਚਿੰਗ ਲਫਜ਼ ਭਾਰਤ ਦਾ ਨਾ ਹੋ ਕੇ, ਪੱਛਮ ਦੀ ਇੱਕ ਧਾਰਮਿਕ ਪੁਸਤਕ 'ਚੋਂ ਆਇਆ ਹੈ। ਇਹ ਲਫਜ਼ ਭਾਰਤ ਨੂੰ ਬਦਨਾਮ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਸਾਡੇ ਸੇਵਕ ਸੇਵਕ ਤਾਂ ਭਰਾਤਰੀਭਾਵ ਦੀ ਸਿੱਖਿਆ ਵਾਲੇ ਸੰਸਕਾਰ ਰੱਖਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿਚਲੀ ਵਿਚਾਰਧਾਰਾ ਵਿੱਚ ਇੱਕ ਬੜਾ ਹੀ ਸ਼ਲਾਘਾਯੋਗ ਮੋੜ ਆਇਆ ਹੈ। ਦੁਨੀਆਂ ਵਿੱਚ ਅਤੇ ਭਾਰਤ ਵਿੱਚ ਐਸੇ ਬਹੁਤ ਸਾਰੇ ਲੋਕ ਹਨ, ਜਿਹੜੇ ਭਾਰਤ ਨੂੰ ਮਜ਼ਬੂਤ ਤੇ ਵਿਕਸਿਤ ਹੁੰਦਾ ਨਹੀਂ ਵੇਖਣਾ ਚਾਹੁੰਦੇ, ਉਹ ਹੀ ਇਸ ਵਿਚਾਰਧਾਰਾ ਦਾ ਵਿਰੋਧ ਕਰ ਰਹੇ ਹਨ।'
        ਪਾਠਕਜਨ! ਯਾਦ ਰਹੇ ਕੁਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ ਆਰ. ਐਸ. ਐਸ. ਮੁਖੀ ਨੇ ਕਿਹਾ ਸੀ, 'ਭਾਰਤ ਇੱਕ ਹਿੰਦੂ ਰਾਸ਼ਟਰ ਸੀ ਅਤੇ ਹਮੇਸ਼ਾਂ ਰਹੇਗਾ।' ਸੋ ਜ਼ਾਹਰ ਹੈ ਹੈ ਕਿ ਭਾਵੇਂ ਪਿਛਲੇ ਸਾਲਾਂ ਵਿੱਚ 300 ਤੋਂ ਜ਼ਿਆਦਾ ਘਟਨਾਵਾਂ ਹਿੰਦੂ ਭੀੜਾਂ ਵਲੋਂ ਲਿਚਿੰਗ (ਕੁੱਟ-ਕੁੱਟ ਕੇ ਮਾਰਨਾ) ਦੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਮੁਸਲਮਾਨ, ਦਲਿਤ ਅਤੇ ਇਸਾਈ ਮਾਰੇ ਗਏ ਹਨ ਪਰ ਆਰ. ਐਸ. ਐਸ. ਮੁਖੀ ਇਸ ਨੂੰ ਹਿੰਦੂ ਭਰਾਤਰੀਭਾਵ ਦੱਸ ਕੇ, ਲਿੰਚਿੰਗ ਲਫਜ਼ ਨੂੰ ਵਿਦੇਸ਼ੀ ਦੱਸ ਰਿਹਾ ਹੈ।
          ਭੀੜਾਂ ਨੂੰ ਹਿੰਸਕ ਬਣਾ ਕੇ ਲਿੰਚਿੰਗ ਤੱਕ ਲਿਜਾਣ ਲਈ ਹਿੰਦੂਤਵੀ ਪ੍ਰਚਾਰਕਾਂ, ਮੀਡੀਆ, ਸੋਸ਼ਲ-ਮੀਡੀਆ ਵਿੱਚ ਇੱਕ ਮਾਹੌਲ, ਪਿਛਲੇ ਵਰ੍ਹਿਆਂ ਵਿੱਚ ਸਿਰਜਿਆ ਗਿਆ ਹੈ। ਇਸ 'ਤੇ ਹੁਣ ਵੀ ਲਗਾਤਾਰਤਾ ਨਾਲ ਕੰਮ ਹੋ ਰਿਹਾ ਹੈ। ਯੂ. ਪੀ. ਦੇ ਇੱਕ ਬੀਜੇਪੀ ਨੇਤਾ ਨੇ ਡੰਕੇ ਦੀ ਚੋਟ 'ਤੇ ਕਿਹਾ ਹੈ ਕਿ, 'ਮੈਂ ਅਤੇ ਸਾਡੇ ਬੀਜੇਪੀ ਦੇ ਸਾਥੀਆਂ ਨੇ ਪ੍ਰਣ ਕੀਤਾ ਹੋਇਆ ਹੈ ਕਿ 31 ਦਸੰਬਰ, 2021 ਤੱਕ ਭਾਰਤ ਦੇ 20 ਕਰੋੜ ਮੁਸਲਮਾਨਾਂ ਅਤੇ 3 ਕਰੋੜ ਇਸਾਈਆਂ ਨੂੰ ਹਿੰਦੂ ਬਣਾ ਦੇਣਾ ਹੈ।' ਕਲਕੱਤਾ ਦੇ ਦੁਰਗਾ-ਪੂਜਣ ਪੰਡਾਲ ਨੂੰ ਦਰਬਾਰ ਸਾਹਿਬ ਦੀ ਨਕਲ ਕਰਕੇ ਬਣਾਉਣਾ ਅਤੇ ਦਿੱਲੀ ਦੇ ਸੁਭਾਸ਼ ਨਗਗਰ ਗੁਰਦਵਾਰੇ ਵਿੱਚ ਰਾਮ-ਲਕਸ਼ਮਣ ਬਣੇ ਦੁਸਹਿਰੇ ਦੇ ਪਾਤਰਾਂ ਨੂੰ ਉਸੇ ਭੇਖ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬਿਠਾ ਕੇ, ਹਿੰਦੂ ਭਜਨ ਗਾਉਣੇ ਸਾਬਤ ਕਰਦਾ ਹੈ ਕਿ ਸਿੱਖਾਂ ਨੂੰ ਤਾਂ ਹਿੰਦੂਤਵੀ ਕਿਸੇ ਗਿਣਤੀ ਵਿੱਚ ਹੀ ਨਹੀਂ ਸਮਝਦੇ। ਹਰਿਆਣੇ ਵਿਚਲੀ ਇੱਕ ਖਬਰ ਅਨੁਸਾਰ ਟਿਕ-ਟਾਕ ਰਾਹੀਂ ਬੀਜੇਪੀ ਦੀ ਟਿਕਟ ਹਾਸਲ ਕਰਨ ਵਾਲੀ ਸੋਨਾਲੀ ਫੋਗਟ ਨੇ ਇੱਕ ਚੋਣ ਸਭਾ ਦੌਰਾਨ ਭੀੜ ਨੂੰ 'ਭਾਰਤ ਮਾਤਾ ਕੀ ਜੈ' ਦਾ ਨਾਹਰਾ ਲਾਉਣ ਲਈ ਕਿਹਾ। ਜਦੋਂ ਇਸ ਦੀ ਬਹੁਤੀ ਗੂੰਜ ਸੁਣਾਈ ਨਹੀਂ ਦਿੱਤੀ ਤਾਂ ਇਸ ਹਿੰਦੂਤਵੀ ਦੇਵੀ ਨੇ ਕਿਹਾ, 'ਤੁਮ ਪਾਕਿਸਤਾਨ ਸੇ ਆਏ ਹੋ ਕਿਆ? ਅਗਰ ਹਿੰਦੁਸਤਾਨ ਕੇ ਨਿਵਾਸੀ ਹੋ ਤੋ ਭਾਰਤ ਮਾਤਾ ਕੀ ਜੈ ਬੋਲੋ....।' ਜੇ ਇਸ ਸਭ ਭਾਰਤ ਦਾ ਹਿੰਦੂ ਰਾਸ਼ਟਰ ਹੋਣਾ ਨਹੀਂ ਤਾਂ ਫਿਰ ਹਿੰਦੂ ਰਾਸ਼ਟਰ ਹੋਣਾ ਕੀ ਹੋਵੇਗਾ?
            ਪਰ ਭਾਰਤ ਵਿੱਚ ਕੁਝ ਖੁੱਲ੍ਹੇ ਦਿਲੋ-ਦਿਮਾਗ ਵਾਲੀਆਂ ਹਸਤੀਆਂ ਵੀ ਹਨ, ਜੋ ਭਾਰਤ ਨੂੰ ਤਬਾਹੀ ਦੇ ਰਸਤੇ ਤੋਂ ਰੋਕਣ ਲਈ ਆਵਾਜ਼ ਬੁਲੰਦ ਕਰ ਰਹੀਆਂ ਹਨ ਭਾਵੇਂ ਇਸ ਲਈ ਉਨ੍ਹਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਹਫਤੇ ਪਹਿਲਾਂ, ਭਾਰਤ ਦੀਆਂ 45 ਪ੍ਰਮੁੱਖ ਸ਼ਖਸੀਅਤਾਂ ਨੇ ਮੋਦੀ ਦੇ ਨਾਂ ਇੱਕ ਖੁੱਲ੍ਹਾ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਭਾਰਤ ਵਿੱਚ ਮੁਸਲਮਾਨਾਂ, ਦਲਿਤਾਂ, ਈਸਾਈਆਂ ਦੇ ਖਿਲਾਫ ਹੋ ਰਹੀਆਂ ਲਿੰਚਿੰਗ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਇਸ ਖੁੱਲ੍ਹੇ ਪੱਤਰ ਦੇ ਅਧਾਰ 'ਤੇ ਬਿਹਾਰ ਦੀ ਇੱਕ ਅਦਾਲਤ ਨੇ ਇਨ੍ਹਾਂ 45 ਸ਼ਖਸੀਅਤਾਂ ਦੇ ਖਿਲਾਫ 'ਦੇਸ਼ਧ੍ਰੋਹ' ਦਾ ਕੇਸ ਦਰਜ ਕਰਨ ਦਾ ਹੁਕਮ ਸੁਣਾਇਆ, ਜਿਹੜਾ ਕੇਸ ਰਜਿਸਟਰ ਕਰ ਲਿਆ ਗਿਆ ਹੈ। ਭਾਰਤ ਦੇ ਸੈਕੂਲਰ ਲੋਕਾਂ ਨੇ ਇਸ ਦੀ ਨਿੰਦਿਆ ਕੀਤੀ ਹੈ। 'ਦੀ ਕਵਿੰਟ' ਪਬਲੀਕੇਸ਼ਨ ਅਨੁਸਾਰ ਹੁਣ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ, ਜਿਨ੍ਹਾਂ ਦੀ ਗਿਣਤੀ 1300 ਤੋਂ ਜ਼ਿਆਦਾ ਹੈ, ਇਸ ਖੁੱਲ੍ਹੇ ਖਤ ਦੀ ਹਮਾਇਤ ਕੀਤੀ ਹੈ। ਇਨ੍ਹਾਂ ਸ਼ਖਸੀਅਤਾਂ ਵਿੱਚ ਅਰੁੰਧਤੀ ਰੌਏ, ਨਸੀਰੂਦੀਨ ਸ਼ਾਹ, ਨੈਣਤਾਰਾ ਸਹਿਗਲ, ਹਿਸਟੋਰੀਅਨ ਰੋਮਿਲਾ ਥਾਪਰ ਆਦਿ ਸ਼ਾਮਲ ਹਨ। ਅਸੀਂ ਇਨ੍ਹਾਂ ਸਭ ਦੇ ਜ਼ਜਬੇ ਅਤੇ ਹੌਂਸਲੇ ਦੀ ਸ਼ਲਾਘਾ ਕਰਦੇ ਹਾਂ।
          ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਲਿੰਚਿੰਗ ਨੂੰ ਰੋਕਣ ਲਈ ਇੱਕ ਸਖਤ ਕਾਨੂੰਨ ਬਣਾਉਣ ਦਾ ਫੈਸਲਾ ਕੀਤਾ ਹੈ। 'ਵੈਸਟ ਬੰਗਾਲ ਪ੍ਰੀਵੈਨਸ਼ਨ ਆਫ ਲਿੰਚਿੰਗ ਬਿੱਲ - 2019' ਅਨੁਸਾਰ ਭੀੜ ਲਿੰਚਿੰਗ ਵਿੱਚ ਸ਼ਾਮਲ ਵਿਅਕਤੀ ਨੂੰ ਉਮਰ ਕੈਦ ਅਤੇ 5 ਲੱਖ ਰੁਪੱਈਆ ਜੁਰਮਾਨਾ ਕੀਤਾ ਜਾ ਸਕਦਾ ਹੈ। ਲਿੰਚਿੰਗ ਦਾ ਸ਼ਿਕਾਰ ਪੀੜਤ ਵਿਅਕਤੀ ਨੂੰ ਮੁਫਤ ਕਾਨੂੰਨੀ ਤੇ ਡਾਕਟਰੀ ਸਹੂਲਤ ਵੀ ਦਿੱਤੀ ਜਾਵੇਗੀ। ਲਿੰਚਿੰਗ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਵੀ ਉਪਰੋਕਤ ਸਜ਼ਾ ਹੀ ਦਿੱਤੀ ਜਾਵੇਗੀ। ਮਮਤਾ ਬੈਨਰਜੀ ਸਰਕਾਰ ਦਾ ਇਹ ਫੈਸਲਾ ਬੜਾ ਸ਼ਲਾਘਾਯੋਗ ਹੈ ਪਰ ਵੇਖਣਾ ਇਹ ਹੈ ਕਿ ਕਾਨੂੰਨ ਦੀ ਵਿਆਖਿਆ ਕਰਨ ਵਾਲੇ ਜੱਜਾਂ ਦਾ ਕੀ ਰਵੱਈਆ ਹੋਵੇਗਾ? ਪਹਿਲੂ ਖਾਨ, ਤਬਰੇਜ਼ ਸਮੇਤ ਸਾਰੇ ਮਾਰੂ ਕੇਸਾਂ ਵਿੱਚ ਹਿੰਦੂਤਵੀ ਗੁੰਡਿਆਂ ਨੂੰ ਅਦਾਲਤਾਂ ਵਲੋਂ 'ਸਬੂਤਾਂ ਦੀ ਘਾਟ' ਦੀ ਬਿਨ੍ਹਾ 'ਤੇ ਬਰੀ ਕਰ ਦਿੱਤਾ ਗਿਆ ਸੀ।
          ਬੇਸ਼ੱਕ ਸੈਕੂਲਰ ਸੋਚ ਦੇ ਸੱਚੇ ਧਾਰਨੀ, ਹਿੰਦੂਤਵੀ ਕਾਫਲੇ ਨੂੰ ਚੈਲਿੰਜ ਕਰ ਰਹੇ ਹਨ ਪਰ ਸਾਡਾ ਮੰਨਣਾ ਹੈ ਕਿ ਨਾਜ਼ੀ ਤਰਜ਼ ਦਾ ਇਹ ਹਿੰਦੂਤਵੀ ਮੁਲਕ ਹੁਣ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆਂ ਵਾਂਗ ਆਪਣੇ ਅੰਤਿਮ-ਅੰਜ਼ਾਮ ਨੂੰ ਪਹੁੰਚੇਗਾ ਯਾਨੀ ਕਿ ਟੁੱਕੜੇ-ਟੁਕੜੇ ਹੋ ਕੇ, ਦੁਨੀਆ ਦੇ ਨਕਸ਼ੇ ਤੋਂ ਮਿਟੇਗਾ। ਭਾਰਤ-ਪਾਕਿਸਤਾਨ ਦੀ ਥਾਂ ਇਸ ਉੱਪ-ਮਹਾਂਦੀਪ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਨਵੇਂ-ਦੇਸ਼ ਹੋਂਦ ਵਿੱਚ ਆਉਣਗੇ। ਆਮੀਨ!

© 2011 | All rights reserved | Terms & Conditions