ਅਮਰੀਕੀ ਪ੍ਰਧਾਨ ਟਰੰਪ ਵਲੋਂ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦੀ ਤੀਸਰੀ ਵਾਰ ਪੇਸ਼ਕਸ਼ ਮਹਿਜ਼ ਇੱਕ 'ਭੱਦਾ ਮਜ਼ਾਕ'!: Dr. Amarjit Singh washington D.C
Submitted by Administrator
Monday, 3 February, 2020- 05:52 pm
ਅਮਰੀਕੀ ਪ੍ਰਧਾਨ ਟਰੰਪ ਵਲੋਂ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦੀ ਤੀਸਰੀ ਵਾਰ ਪੇਸ਼ਕਸ਼ ਮਹਿਜ਼ ਇੱਕ 'ਭੱਦਾ ਮਜ਼ਾਕ'!:  Dr. Amarjit Singh washington D.C


ਕਸ਼ਮੀਰੀ ਨੌਜਵਾਨਾਂ ਵਿੱਚੋਂ ਅੱਤਵਾਦ ਕੱਢਣ ਲਈ (ਡੀਰੈਡੀਕੇਲਾਈਜ਼) ਅਸੀਂ ਭਾਰਤ ਵਿੱਚ ਕੈਂਪ ਬਣਾਏ ਹੋਏ ਹਨ - ਜਨਰਲ ਰਾਵਤ!
ਮੈਂ ਡੰਕੇ ਦੀ ਚੋਟ 'ਤੇ ਕਹਿੰਦਾ ਹਾਂ ਕਿ ਨਾਗਰਿਕਤਾ ਸੋਧ ਕਾਨੂੰਨ ਕਦੀ ਵੀ ਵਾਪਸ ਨਹੀਂ ਹੋਵੇਗਾ - ਅਮਿਤ ਸ਼ਾਹ (ਗ੍ਰਹਿ ਮੰਤਰੀ ਭਾਰਤ)
'ਗਲੋਬਲ ਡੈਮੋਕ੍ਰੇਸੀ ਇੰਡੈਕਸ' ਵਲੋਂ ਦੁਨੀਆਂ ਦੇ 167 ਦੇਸ਼ਾਂ ਦੇ ਕੀਤੇ ਸਰਵੇ ਵਿੱਚ ਭਾਰਤ 10 ਅੰਕ ਹੇਠਾਂ ਨੂੰ ਸਰਕ ਕੇ 51ਵੇਂ ਸ਼ਰਮਨਾਕ ਅੰਕ 'ਤੇ ਅਟਕਿਆ!
ਟੁਕੜੇ-ਟੁਕੜੇ ਹੋ ਰਿਹਾ ਭਾਰਤੀ ਲੋਕਤੰਤਰ!


           ਵਾਸ਼ਿੰਗਟਨ (ਡੀ. ਸੀ.) 25 ਜਨਵਰੀ, 2020 - ਪਿਛਲੇ ਲਗਭਗ ਪੌਣੇ ਛੇ ਮਹੀਨੇ ਤੋਂ ਕਸ਼ਮੀਰ ਵਾਦੀ ਦੇ 80 ਲੱਖ ਲੋਕ ਇੱਕ ਖੁੱਲ੍ਹੀ ਜੇਲ੍ਹ ਵਿੱਚ ਰੱਖੇ ਹੋਏ ਹਨ। ਜੰਮੂ-ਕਸ਼ਮੀਰ ਦਾ ਸਟੇਟ ਵਜੋਂ ਰੁਤਬਾ, ਆਰਟੀਕਲ-370 ਸਭ ਕੁਝ ਦਾ ਭੋਗ ਪੈ ਚੁੱਕਾ ਹੈ। ਚੀਨ ਨੇ ਦੋ ਵਾਰ ਇਹ ਮੁੱਦਾ ਯੂ. ਐਨ. ਸੁਰੱਖਿਆ ਕੌਂਸਲ ਦੀਆਂ ਬੰਦ ਕਮਰਾ ਮੀਟਿੰਗਾਂ ਵਿੱਚ ਉਠਾਇਆ ਪਰ ਇਹ ਬੇਅਸਰ ਰਿਹਾ! ਅਮਰੀਕਨ ਕਾਂਗਰਸ ਵਿੱਚ ਕਸ਼ਮੀਰ ਸਬੰਧੀ ਦੋ ਵਾਰ ਸੁਣਵਾਈ ਹੋ ਚੁੱਕੀ ਹੈ ਪਰ ਕਿਸੇ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਬੀ. ਬੀ. ਸੀ., ਸੀ. ਐਨ. ਐਨ., ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼ ਸਮੇਤ ਦੁਨੀਆਂ ਦਾ ਮੀਡੀਆ ਅਤੇ ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਕਸ਼ਮੀਰੀ ਲੋਕਾਂ 'ਤੇ ਹੋ ਰਹੇ ਜ਼ੁਲਮਾਂ ਸਬੰਧੀ ਅਵਾਜ਼ ਉਠਾ ਰਹੀਆਂ ਹਨ ਪਰ ਇਹ ਅਮਲ ਵੀ ਮੱਝ ਸਾਹਮਣੇ ਬੀਨ ਵਜਾਉਣ ਵਾਲਾ ਬਣ ਗਿਆ ਹੈ। ਇਸ ਸਮੁੱਚੀ ਕਸ਼ਮਕਸ਼ ਵਿੱਚ ਸਭ ਤੋਂ ਸ਼ੱਕੀ ਤੇ ਦਿਲਚਸਪ ਬਿਆਨਬਾਜ਼ੀ ਅਮਰੀਕੀ ਪ੍ਰਧਾਨ ਟਰੰਪ ਦੀ ਹੈ, ਜਿਹੜੀ ਪਹੁੰਚ ਬਹੁਤਿਆਂ ਦੀ ਸਮਝ ਤੋਂ ਬਾਹਰ ਹੈ।
           ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਟਰੰਪ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ 20 ਜੁਲਾਈ, 2019 ਨੂੰ ਅਮਰੀਕਾ ਆਏ। 23 ਜੁਲਾਈ ਨੂੰ ਉਨ੍ਹਾਂ ਦੀ ਟਰੰਪ ਨਾਲ ਮੁਲਾਕਾਤ ਹੋਈ ਤੇ ਫੇਰ ਸਾਂਝੀ ਪ੍ਰੈਸ ਕਾਨਫਰੰਸ। ਇਸ ਕਾਨਫਰੰਸ ਵਿੱਚ ਟਰੰਪ ਨੇ ਐਲਾਨ ਕੀਤਾ ਕਿ ਉਹ ਕਸ਼ਮੀਰ ਮਸਲਾ ਹੱਲ ਕਰਵਾਉਣ ਲਈ ਵਿਚੋਲਗੀ ਕਰਨ ਨੂੰ ਤਿਆਰ ਹਨ। ਇਸ ਐਲਾਨ ਤੋਂ ਬਾਅਦ ਪਾਕਿਸਤਾਨ, ਕਸ਼ਮੀਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਮਰਾਨ ਖਾਨ ਦੇ ਪਾਕਿਸਤਾਨ ਪਰਤਣ 'ਤੇ ਉਸ ਦਾ ਇੱਕ ਲਗਭਗ ਹੀਰੋ ਵਾਂਗ ਸਵਾਗਤ ਕੀਤਾ ਗਿਆ ਪਰ ਭਾਰਤੀ ਪਾਰਲੀਮੈਂਟ ਨੇ ਕਸ਼ਮੀਰ ਨੂੰ ਸਪੈਸ਼ਲ ਦਰਜਾ ਦੇਣ ਵਾਲਾ ਆਰਟੀਕਲ 370 ਖਤਮ ਕਰ ਦਿੱਤਾ ਅਤੇ ਨਾਲ ਹੀ ਜੰਮੂ-ਕਸ਼ਮੀਰ ਨੂੰ ਦੋ ਯੂਨੀਅਨ ਟੈਰੀਟਰੀਜ਼ - ਲੱਦਾਖ ਤੇ ਜੰਮੂ-ਕਸ਼ਮੀਰ ਵਿੱਚ ਤਕਸੀਮ ਕਰ ਦਿੱਤਾ। ਸਮੁੱਚੀ ਜੰਮੂ-ਕਸ਼ਮੀਰ ਸਟੇਟ ਨੂੰ ਫੌਜੀ ਛਾਉਣੀ ਵਿੱਚ ਤਬਦੀਲ ਕਰਦਿਆਂ, ਇਸ ਨੂੰ ਬਾਕੀ ਦੁਨੀਆਂ ਤੋਂ ਕੱਟ ਦਿੱਤਾ ਗਿਆ। ਜੰਮੂ ਤੇ ਲੱਦਾਖ ਦੀ ਆਜ਼ਾਦੀ ਹੌਲੀ-ਹੌਲੀ ਬਹਾਲ ਕਰ ਦਿੱਤੀ ਗਈ ਪਰ ਕਸ਼ਮੀਰ ਵਾਦੀ ਵਿੱਚ ਪਿਛਲੇ ਪੌਣੇ ਛੇ ਮਹੀਨਿਆਂ ਤੋਂ ਇੰਟਰਨੈਟ ਸਮੇਤ ਸਭ ਸੇਵਾਵਾਂ ਬੰਦ ਹਨ ਅਤੇ ਉੱਥੋਂ ਦੀ ਭਾਰਤ ਪੱਖੀ ਲੀਡਰਸ਼ਿਪ ਨੂੰ, ਜਿਨ੍ਹਾਂ ਵਿੱਚ ਤਿੰਨ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਹਨ, ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਅਮਰੀਕਾ ਵਲੋਂ ਇਸ ਸਮੁੱਚੇ ਮੁੱਦੇ 'ਤੇ 'ਮੌਨ' ਰੱਖ ਕੇ ਭਾਰਤ ਦਾ ਪੱਖ ਪੂਰਿਆ ਗਿਆ ਹੈ।
         27 ਦਸੰਬਰ, 2019 ਨੂੰ ਪਾਕਿਸਤਾਨ ਦੇ ਪ੍ਰਧਾਨ ਮੰੰਰੀ ਇਮਰਾਨ ਖਾਨ, ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨਜ਼ ਜਨਰਲ ਅਸੰਬਲੀ ਦੇ ਸੈਸ਼ਨ ਨੂੰ ਸੰਬੋਧਨ ਕਰਨ ਆਏ। ਉਨ੍ਹਾਂ ਨੇ ਬੜੀ ਧੂੰਆਂਧਾਰ ਤਕਰੀਰ ਕਰਦਿਆਂ, ਚਿਤਾਵਨੀ ਦਿੱਤੀ ਕਿ ਨਾਜ਼ੀ ਤਰਜ਼ 'ਤੇ ਕੰਮ ਕਰ ਰਹੀ ਮੋਦੀ ਸਰਕਾਰ ਦੀਆਂ ਨੀਤੀਆਂ ਜਿਸ ਦਿਸ਼ਾ ਵੱਲ ਜਾ ਰਹੀਆਂ ਹਨ, ਉਹ ਜੰਗ ਦਾ ਮਾਹੌਲ ਹੈ। ਕਿਸੇ ਵੀ ਸੰਭਾਵਿਤ ਜੰਗ ਵਿੱਚ ਨਿਊਕਲੀਅਰ ਟਕਰਾਅ ਹੋਵੇਗਾ, ਜਿਸ ਦਾ ਮਤਲਬ ਮੁਕੰਮਲ ਤਬਾਹੀ ਦੇ ਰੂਪ ਵਿੱਚ ਨਿੱਕਲੇਗਾ। ਉਨ੍ਹਾਂ ਨੇ ਕਸ਼ਮੀਰ ਮਸਲੇ ਦਾ ਹੱਲ ਕਰਨ ਲਈ ਸੰਸਾਰ ਦੀ ਇਸ ਪਾਰਲੀਮੈਂਟ ਵਿੱਚ ਦਰਦਨਾਕ ਗੁਹਾਰ ਲਗਾਈ। ਇਸ ਤੋਂ ਠੀਕ ਬਾਅਦ ਉਨ੍ਹਾਂ ਦੀ ਪ੍ਰਧਾਨ ਟਰੰਪ ਨਾਲ ਸਾਈਡ-ਲਾਈਨ ਮੀਟਿੰਗ ਹੋਈ ਤੇ ਸਾਂਝੀ ਪ੍ਰੈਸ ਮਿਲਣੀ ਵੀ ਹੋਈ। ਇਸ ਮੌਕੇ ਪ੍ਰਧਾਨ ਟਰੰਪ ਨੇ ਵਾਈਟ ਹਾਊਸ ਵਿੱਚ 22 ਜੁਲਾਈ ਨੂੰ ਕਿਹਾ ਫਿਕਰਾ ਮੁੜ ਦੁਹਰਾਇਆ ਕਿ ਮੈਂ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਲਈ ਤਿਆਰ ਹਾਂ ਪਰ ਨਾ ਹੀ ਟਰੰਪ ਨੇ ਭਾਰਤ ਸਰਕਾਰ ਦੀ ਕਸ਼ਮੀਰ ਨੀਤੀ ਦੀ ਤਨਕੀਦ ਕੀਤੀ ਅਤੇ ਨਾ ਹੀ ਇਸ ਬਿਆਨਬਾਜ਼ੀ 'ਤੇ ਅੱਗੋਂ ਕੋਈ ਕਾਰਵਾਈ ਕੀਤੀ।
         ਵਰਲਡ ਇਕਨੌਮਿਕ ਫੋਰਮ ਦੀ 4 ਰੋਜ਼ਾ ਮੀਟਿੰਗ ਡੇਵੋਸ, ਸਵਿਟਜ਼ਰਲੈਂਡ ਵਿੱਚ ਚੱਲ ਰਹੀ ਹੈ। 22 ਜਨਵਰੀ, 2020 ਨੂੰ ਸਵਿਸ ਸਕਾਈ ਰਿਸੋਰਟ ਵਿਖੇ ਟਰੰਪ ਤੇ ਇਮਰਾਨ ਖਾਨ ਦੀ ਮੀਟਿੰਗ ਹੋਈ ਅਤੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਵੀ। ਮੀਡੀਆ ਮਿਲਣੀ ਦੌਰਾਨ, ਟਰੰਪ ਨੇ ਕਸ਼ਮੀਰ ਸਬੰਧੀ ਆਪਣੀ ਪੇਸ਼ਕਸ਼ ਤੀਸਰੀ ਵਾਰ ਦੁਹਰਾਉਂਦਿਆਂ ਕਿਹਾ ਕਿ, 'ਭਾਰਤ ਅਤੇ ਪਾਕਿਸਤਾਨ ਵਿੱਚ ਬੜੀ ਕਸ਼ੀਦਗੀ ਦਾ ਮਾਹੌਲ ਬਣਿਆ ਹੋਇਆ ਹੈ। ਅਸੀਂ ਇਸ ਨੂੰ ਬੜੇ ਗਹੁ ਨਾਲ ਵੇਖ ਰਹੇ ਹਾਂ। ਅਸੀਂ ਇਸ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਾਂ। ਆਪਣੇ ਮਿੱਤਰ ਇਮਰਾਨ ਖਾਨ ਨਾਲ ਹੋਣਾ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ।' ਟਰੰਪ ਦੇ ਇਸ ਬਿਆਨ ਦੇ ਫੌਰਨ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਕਿਹਾ ਗਿਆ ਕਿ, 'ਕਸ਼ਮੀਰ ਮੁੱਦੇ ਦੇ ਹੱਲ ਲਈ ਅਸੀਂ ਕਿਸੇ ਤੀਸਰੀ ਧਿਰ ਦੀ ਵਿਚੋਲਗੀ ਨੂੰ ਮੁਕੰਮਲ ਤੌਰ 'ਤੇ ਨਕਾਰਦੇ ਹਾਂ।' ਅਮਰੀਕਾ ਦੁਨੀਆਂ ਦੀ ਇੱਕੋ-ਇੱਕ ਸੁਪਰ ਪਾਵਰ ਹੈ। ਅਮਰੀਕਾ ਯੂ. ਐਨ. ਸੁਰੱਖਿਆ ਕੌਂਸਲ ਦਾ ਵੀਟੋ ਸ਼ਕਤੀ ਪ੍ਰਾਪਤ ਮੈਂਬਰ ਹੈ, ਜਿਸ ਵਿੱਚ ਸੁਰੱਖਿਆ ਕੌਂਸਲ ਨੇ ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਉਣ ਲਈ 14 ਮਤੇ ਅੱਡ-ਅੱਡ ਸਮਿਆਂ 'ਤੇ ਪਾਸ ਕੀਤੇ ਹੋਏ ਹਨ। ਜੇ ਅਮਰੀਕੀ ਪ੍ਰਧਾਨ 3 ਵਾਰ ਵਿਚੋਲਗੀ ਦੀ ਗੱਲ ਕਰਦਾ ਹੈ ਅਤੇ ਭਾਰਤ ਉਸ ਨੂੰ ਗੌਲ਼ਦਾ ਤੱਕ ਨਹੀਂ ਤਾਂ ਇਸ ਦਾ ਕੀ ਮਤਲਬ ਕੱਢਿਆ ਜਾਏ? ਕੀ ਭਾਰਤੀ ਹਾਕਮ ਅਮਰੀਕਾ ਨੂੰ ਅੱਖਾਂ ਦਿਖਾਉਣ ਦੀ ਔਕਾਤ ਰੱਖਦੇ ਹਨ? ਕਿਤੇ ਇਹ ਤਾਂ ਨਹੀਂ ਕਿ ਭਾਰਤ ਨੇ ਜੋ ਕੁਝ ਵੀ ਕਸ਼ਮੀਰ ਵਿੱਚ ਕੀਤਾ ਹੈ, ਉਹ ਅਮਰੀਕਾ ਦੀ ਰਜ਼ਾਮੰਦੀ ਨਾਲ ਹੀ ਕੀਤਾ ਹੈ? ਕੀ ਅਮਰੀਕਾ-ਚੀਨ ਦੀ ਵਪਾਰਕ ਜੰਗ ਵਿੱਚ ਭਾਰਤ ਨੂੰ ਆਪਣੇ ਨਾਲ ਰੱਖਣ ਲਈ ਅਮਰੀਕਾ ਨੇ ਕਸ਼ਮੀਰੀਆਂ ਦੀ ਬਲੀ ਤਾਂ ਨਹੀਂ ਦੇ ਦਿੱਤੀ? ਕਾਰਣ ਕੁਝ ਵੀ ਹੋਵੇ, ਟਰੰਪ ਦੀ ਵਾਰ-ਵਾਰ ਬੇ-ਮਾਅਨੇ ਵਿਚੋਲਗੀ ਦੀ ਪੇਸ਼ਕਸ਼ ਇੱਕ ਕੌੜਾ ਮਜ਼ਾਕ ਬਣਕੇ ਰਹਿ ਗਈ ਹੈ।
         ਕਸ਼ਮੀਰ ਘਾਟੀ ਵਿੱਚ ਭਾਰਤੀ ਫੌਜ ਦੇ ਜ਼ੁਲਮਾਂ ਦੀਆਂ ਬੇਸ਼ੁਮਾਰ ਘਟਨਾਵਾਂ ਦਾ ਜ਼ਿਕਰ ਅੰਤਰਰਾਸ਼ਟਰੀ ਮੀਡੀਆ, ਮਨੁੱਖੀ ਹੱਕਾਂ ਦੀਆਂ ਰਿਪੋਰਟਾਂ ਅਤੇ ਯੂ. ਐਨ. ਦੀ ਇਸ ਸਬੰਧੀ ਜਾਰੀ 49 ਸਫਿਆਂ ਦੀ ਰਿਪੋਰਟ ਵਿੱਚ ਹੈ। 5 ਅਗਸਤ, 2019 ਤੋਂ ਕਸ਼ਮੀਰ ਘਾਟੀ ਨੂੰ ਬਾਕੀ ਦੁਨੀਆਂ ਤੋਂ ਕੱਟਿਆ ਹੋਇਆ ਹੈ। ਇਹ ਰਿਪੋਰਟਾਂ ਹਨ ਕਿ 12-13 ਸਾਲ ਦੀ ਉਮਰ ਤੋਂ ਲੈ ਕੇ 30-35 ਸਾਲ ਤੱਕ ਦੀ ਉਮਰ ਦੇ ਹਜ਼ਾਰਾਂ ਬੱਚਿਆਂ-ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਭਾਰਤ ਦੀਆਂ ਜੇਲ੍ਹਾਂ ਵਿੱਚ ਰੱਖਿਆ ਹੋਇਆ ਹੈ ।16ਜਨਵਰੀ, 2020 ਨੂੰ ਦਿੱਲੀ ਦੇ ਰਾਏ ਸੀਨਾ ਮੁਕਾਮ 'ਤੇ ਇੱਕ ਪੈਨਲ ਵਿਚਾਰ ਚਰਚਾ ਵਿੱਚ ਭਾਰਤੀ ਰੱਖਿਆ ਸੇਵਾਵਾਂ ਦੇ ਸਾਂਝੇ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ, 'ਅਸੀਂ ਭਾਰਤ ਭਰ ਵਿੱਚ ਇਸ ਵੇਲੇ ਅੱਤਵਾਦ-ਕੱਢਣ ਵਾਲੇ (ਡੀਰੈਡੀਕੇਲਾਈਜ਼ੇਸ਼ਨ ਕੈਂਪ) ਕੈਂਪ ਬਣਾਏ ਹਨ, ਜਿਨ੍ਹਾਂ ਵਿੱਚ ਕਸ਼ਮੀਰੀ ਨੌਜਵਾਨਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਇਹ ਕੈਂਪ ਜ਼ਰੂਰੀ ਸਨ, ਕਿਉਂਕਿ ਪਾਕਿਸਤਾਨ ਨੇ ਵੀ ਰੈਡੀਕੇਲਾਈਜ਼ੇਸ਼ਨ ਕੈਂਪ ਬਣਾਏ ਹੋਏ ਹਨ। ਜਨਰਲ ਰਾਵਤ ਦੇ ਇਸ ਇੰਕਸ਼ਾਫ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਕਸ਼ਮੀਰੀਆਂ ਨਾਲ ਉਹ ਹੀ ਵਰਤਾਰਾ ਕੀਤਾ ਜਾ ਰਿਹਾ ਹੈ, ਜਿਹੋ ਜਿਹਾ ਨਾਜ਼ੀਆਂ ਨੇ ਯਹੂਦੀਆਂ ਨਾਲ ਕੀਤਾ ਸੀ। ਪਰ ਅੰਤਰਰਾਸ਼ਟਰੀ ਭਾਈਚਾਰਾ ਕਿੱਥੇ ਸੁੱਤਾ ਹੋਇਆ ਹੈ?

        ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ ਦੇ ਸ਼ਾਹੀਨ ਬਾਗ, ਲਖਨਊ ਦੇ ਜ਼ੀਨਤ ਬਾਗ, ਕਾਨਪੁਰ, ਅਲੀਗੜ੍ਹ, ਪਟਨਾ ਸਾਹਿਬ ਤੋਂ ਲੈ ਕੇ ਅਸਾਮ ਅਤੇ ਕੇਰਲਾ ਤੱਕ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਪ੍ਰੋਟੈਸਟ ਹੋ ਰਹੇ ਹਨ। ਅੰਤਰਰਾਸ਼ਟਰੀ ਤੌਰ 'ਤੇ ਵੀ ਭਾਰਤ ਦੀ ਮਿੱਟੀ ਪਲੀਤ ਹੋ ਰਹੀ ਹੈ। 'ਗਲੋਬਲ ਡੈਮੋਕ੍ਰੇਸੀ ਇੰਡੈਕਸ' ਵਲੋਂ ਵਰ੍ਹਾ 2019 'ਤੇ ਆਧਾਰਿਤ ਦੁਨੀਆਂ ਦੇ 167 ਦੇਸ਼ਾਂ ਦੇ ਕੀਤੇ ਸਰਵੇ ਅਨੁਸਾਰ ਭਾਰਤ ਨੂੰ ਸ਼ਰਮਨਾਕ 51ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਇਹ ਅੰਕ ਪਿਛਲੇ ਸਾਲ ਨਾਲੋਂ 10 ਅੰਕ ਹੇਠਾਂ ਹੈ। ਭਾਰਤ ਵਿੱਚ 'ਸਿਵਲ ਆਜ਼ਾਦੀਆਂ ਦੇ ਹੋ ਰਹੇ ਪਤਨ' ਨੂੰ ਇਸ ਗਿਰਾਵਟ ਦਾ ਮੁੱਖ ਕਾਰਣ ਦੱਸਿਆ ਗਿਆ ਹੈ। ਚਾਰ-ਚੁਫੇਰੇ ਹੋ ਰਹੀ ਇਸ ਥੂ-ਥੂ ਦੇ ਬਾਵਜੂਦ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਜਲਸੇ ਵਿੱਚ ਕਿਹਾ, 'ਮੈਂ ਡੰਕੇ ਦੀ ਚੋਟ ਤੇ ਕਹਿੰਦਾ ਹਾਂ ਕਿ ਨਾਗਰਿਕਤਾ ਸੋਧ ਕਾਨੂੰਨ ਕਦੀ ਵੀ ਵਾਪਸ ਨਹੀਂ ਹੋਵੇਗਾ।' ਅਸੀਂ ਮੋਦੀ-ਅਮਿਤ ਸ਼ਾਹ ਨੂੰ ਆਪਣੇ ਬਿਆਨ 'ਤੇ ਡਟੇ ਰਹਿਣ ਦੀ ਅਪੀਲ ਕਰਦੇ ਹਾਂ ਤਾਂ ਕਿ ਟੁਕੜੇ-ਟੁਕੜੇ ਹੋਣ ਵੱਲ ਵਧ ਰਹੇ ਭਾਰਤ ਦਾ ਭੋਗ ਜਲਦੀ ਪੈ ਸਕੇ ਅਤੇ ਭਾਰਤ ਦੇ 133 ਕਰੋੜ ਲੋਕ ਹਿੰਦੂਤਵ ਤੋਂ ਮੁਕਤ ਹੋ ਜਾਣ। ਆਮੀਨ!

© 2011 | All rights reserved | Terms & Conditions