ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਦੇ ਮਾਅਨੇ ਕੀ ਹਨ? : Dr. Amarjit Singh washington D.C
Submitted by Administrator
Friday, 14 February, 2020- 04:05 pm
ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਦੇ ਮਾਅਨੇ ਕੀ ਹਨ? :  Dr. Amarjit Singh washington D.C

ਹਨੂੰਮਾਨ ਬਨਾਮ ਰਾਮ ਦਾ ਸਪੱਸ਼ਟ ਹਿੰਦੂਤਵੀ ਸੁਨੇਹਾ!
ਦਿੱਲੀ ਸਿਆਸਤ ਵਿੱਚੋਂ ਸਿੱਖ ਤੇ ਮੁਸਲਮਾਨ ਪੂਰੀ ਤਰ੍ਹਾਂ ਮਨਫ਼ੀ!
ਫਿਜ਼ਾ ਵਿੱਚ ਚਾਰੇ ਪਾਸੇ ਗੂੰਜ ਰਿਹਾ ਹੈ - 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਕੀ ਜੈ'!
ਜੇ ਭਾਰਤ ਵਿੱਚ 20 ਕਰੋੜ ਮੁਸਲਮਾਨ ਅਪ੍ਰਸੰਗਕ ਬਣਾ ਦਿੱਤੇ ਗਏ ਹਨ ਤਾਂ 3 ਕਰੋੜ ਸਿੱਖ ਕਿਸ ਬਾਗ ਦੀ ਮੂਲੀ ਹਨ?
ਸਿੱਖ ਕੌਮ ਦੇ ਬਚਾਅ ਦਾ ਇੱਕੋ-ਇੱਕ ਰਸਤਾ- ਖਾਲਿਸਤਾਨ ਦੀ ਕਾਇਮੀ!


        ਵਾਸ਼ਿੰਗਟਨ (ਡੀ. ਸੀ.) 15 ਫਰਵਰੀ, 2020 - ਕਿਸੇ ਵੀ ਮਿਊਂਸਪਲ ਕਮੇਟੀ ਤੋਂ ਥੋੜ੍ਹੇ ਜਿਹੇ ਵੱਧ ਅਧਿਕਾਰਾਂ ਵਾਲੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ, ਜਿਸ ਸ਼ੋਰ-ਸ਼ਰਾਬੇ ਵਾਲੇ ਜ਼ਹਿਰੀਲੇ ਮਾਹੌਲ ਵਿੱਚ ਲੜੀਆਂ ਗਈਆਂ, ਇਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ। ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇ ਨਾਲ-ਨਾਲ ਸਾਰੇ ਕੇਂਦਰੀ ਵਜ਼ੀਰਾਂ ਅਤੇ ਬੀਜੇਪੀ ਸਾਸ਼ਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨੇ ਦਿੱਲੀ ਵਿੱਚ ਹਜ਼ਾਰਾਂ ਰੈਲੀਆਂ, ਨੁੱਕੜ-ਮੀਟਿੰਗਾਂ ਅਤੇ ਰੋਡ ਸ਼ੋਅ ਕੀਤੇ। ਆਮ ਆਦਮੀ ਪਾਰਟੀ ਨੇ ਵੀ ਹਜ਼ਾਰਾਂ ਵਲੰਟੀਅਰ ਮੈਦਾਨ ਵਿੱਚ ਉਤਾਰੇ ਭਾਵੇਂ ਕਿ 'ਸਟਾਰ ਪ੍ਰਚਾਰਕ' ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਹੀ ਸਨ। ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਲੰਬੀ ਲਿਸਟ ਸਮੇਤ ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਦੇ ਐਲਾਨੀ ਪਰ ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ ਬਹੁਤ ਘੱਟ ਜ਼ੋਰ ਲਾਇਆ। ਬੀਜੇਪੀ ਨੇ ਇਸ ਵਾਰ ਬਾਦਲ ਅਕਾਲੀ ਦਲ ਨੂੰ ਬਾਹਰ ਦਾ ਰਸਤਾ ਵਿਖਾਇਆ ਪਰ ਬਾਦਲ ਦਲ ਅਤੇ ਉਸ ਦੇ ਨਰਾਜ਼ ਬਾਲਕਿਆਂ, ਜਿਨ੍ਹਾਂ ਵਿੱਚ ਟਕਸਾਲੀ, ਢੀਂਡਸੇ, ਜੀ.ਕੇ. ਆਦਿ ਹਨ, ਨੇ ਬਿਨਾਂ-ਸ਼ਰਤ ਬੀਜੇਪੀ ਦੀ ਹਮਾਇਤ ਕੀਤੀ। ਬੀਜੇਪੀ ਨੇ ਤਿੰਨ ਆਰ. ਐਸ. ਐਸ. ਬਰਾਂਡ ਸਿੱਖ ਮੈਦਾਨ ਵਿੱਚ ਉਤਾਰੇ, ਜਿਨ੍ਹਾਂ ਦੇ ਨਾਮ ਹਨ - ਤੇਜਿੰਦਰ ਬੱਗਾ, ਆਰ. ਪੀ. ਸਿੰਘ ਅਤੇ ਇਮਪ੍ਰੀਤ ਬਖਸ਼ੀ। ਕੇਜਰੀਵਾਲ ਨੇ ਮੁਫਤ ਬਿਜਲੀ, ਪਾਣੀ, ਸਰਕਾਰੀ ਸਕੂਲ, ਮੁਫਤ ਇਲਾਜ ਅਤੇ ਬੀਬੀਆਂ ਨੂੰ ਮੁਫਤ ਬੱਸ ਸਹੂਲਤਾਂ ਦੇਣ ਦੀ ਆਪਣੀ ਕਾਰਗੁਜ਼ਾਰੀ ਨੂੰ ਮੂਲ ਮੁੱਦਾ ਬਣਾਇਆ। ਉਸ ਨੇ ਪ੍ਰਸ਼ਾਂਤ ਕਿਸ਼ੋਰ ਨਾਂ ਦੇ ਚੋਣ ਵਿਉਂਤਬੰਧੀ ਮਾਹਿਰ ਦੀਆਂ ਸੇਵਾਵਾਂ ਹਾਸਲ ਕੀਤੀਆਂ। ਕੇਜਰੀਵਾਲ ਪਾਰਟੀ ਨੇ ਰਾਸ਼ਟਰੀ ਮੁੱਦਿਆਂ ਨੂੰ ਛੂਹਿਆ ਤੱਕ ਨਹੀਂ! ਯਾਦ ਰਹੇ ਕਸ਼ਮੀਰ ਵਿੱਚੋਂ ਧਾਰਾ-370 ਖਤਮ ਕਰਨ ਦੇ ਫੈਸਲੇ ਤੇ ਆਮ ਪਾਰਟੀ ਨੇ ਮੋਦੀ ਸਰਕਾਰ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ। ਕੇਜਰੀਵਾਲ ਨੇ ਸੀ. ਏ. ਏ., ਐਨ. ਆਰ. ਸੀ. ਅਤੇ ਐਨ. ਆਰ. ਪੀ. ਵਰਗੇ ਮੁੱਦਿਆਂ ਤੇ ਆਪਣੀ ਜ਼ੁਬਾਨ ਤੱਕ ਨਹੀਂ ਖੋਲ੍ਹੀ। ਪਿਛਲੇ ਲਗਭਗ ਡੇਢ ਮਹੀਨੇ ਤੋਂ ਸ਼ਾਹੀਨ ਬਾਗ ਵਿੱਚ ਸੀ. ਏ. ਏ. ਦੇ ਖਿਲਾਫ ਚੱਲ ਰਹੇ ਧਰਨੇ ਵਿੱਚ ਉਸ ਨੇ ਸ਼ਾਮਲ ਤਾਂ ਕੀ ਹੋਣਾ ਸੀ, ਉਸ ਨੇ ਬਿਆਨ ਦਿੱਤਾ ਕਿ ਅਮਿਤ ਸ਼ਾਹ ਇਸ ਨੂੰ ਕਿਉੁਂ ਨਹੀਂ ਚੁਕਵਾਉਂਦਾ। ਉਸ ਨੇ ਕਿਹਾ, 'ਜੇ ਮੇਰੇ ਵੱਸ ਦੀ ਗੱਲ ਹੋਵੇ ਤਾਂ ਮੈਂ ਦੋ ਘੰਟੇ ਵਿੱਚ ਇਹ ਧਰਨਾ ਖਤਮ ਕਰਵਾ ਦਿਆਂ।' ਕੇਜਰੀਵਾਲ ਨੇ ਆਰ. ਐਸ. ਐਸ., ਮੋਦੀ, ਅਮਿਤ ਸ਼ਾਹ ਆਦਿ ਦੇ ਖਿਲਾਫ ਇੱਕ ਵੀ ਲਫ਼ਜ਼ ਮੂੰਹੋਂ ਨਹੀਂ ਕੱਢਿਆ। ਨਵੰਬਰ-84 ਦੀ ਸਿੱਖ ਨਸਲਕੁਸ਼ੀ ਦਾ ਵੀ ਕਿਤੇ ਜ਼ਿਕਰ ਤੱਕ ਨਹੀਂ ਹੋਇਆ।
        ਬੀਜੇਪੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਹਿੰਦੂਤਵੀ ਏਜੰਡੇ ਤਹਿਤ, ਮੁਸਲਮਾਨਾਂ ਅਤੇ ਪਾਕਿਸਤਾਨ ਦੇ ਖਿਲਾਫ ਨਫਰਤ ਦੀ ਬਿਨ੍ਹਾ 'ਤੇ ਲੜੀ। ਦਿੱਲੀ ਦੀ ਫਿਜ਼ਾ ਵਿੱਚ, ਕੇਂਦਰੀ ਵਜ਼ੀਰਾਂ ਵਲੋਂ ਲਾਏ ਗਏ ਨਾਹਰੇ - 'ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ' ਗੂੰਜਦੇ ਰਹੇ। ਸ਼ਾਹੀਨ ਬਾਗ ਨੂੰ ਪਾਕਿਸਤਾਨ ਦੱਸ ਕੇ ਇਸ ਲੜਾਈ ਨੂੰ ਭਾਰਤ ਬਨਾਮ ਪਾਕਿਸਤਾਨ ਬਣਾਇਆ ਗਿਆ। ਅਮਿਤ ਸ਼ਾਹ ਨੇ ਕਿਹਾ-'ਵੋਟ ਪਾਉਣ ਵੇਲੇ ਬੀਜੇਪੀ ਦੇ ਹੱਕ ਵਿੱਚ ਬਟਨ ਇੰਨੇ ਜ਼ੋਰ ਦੀ ਦੱਬੋ ਕਿ ਕਰੰਟ ਜਾ ਕੇ ਸ਼ਾਹੀਨ ਬਾਗ ਲੱਗੇ।' ਯੂ. ਪੀ. ਦੇ ਮੁੱਖ ਮੰਤਰੀ ਅਦਿੱਤਿਆ ਨਾਥ ਨੇ ਕਿਹਾ, 'ਕਾਂਗਰਸ ਰਾਜ ਵਿੱਚ ਅਤੰਕਵਾਦੀਆਂ ਨੂੰ ਬਰਿਆਨੀ ਖਵਾਈ ਜਾਂਦੀ ਸੀ, ਅਸੀਂ ਇਨ੍ਹਾਂ ਨੂੰ ਗੋਲ਼ੀ ਮਾਰਦੇ ਹਾਂ।' ਇਨ੍ਹਾਂ ਦਿਨਾਂ ਵਿੱਚ ਆਰ. ਐਸ. ਐਸ. ਦੇ ਗੁੰਡਿਆਂ ਨੇ ਕਈ ਹਿੰਸਕ ਅਤੇ ਬਦਇਖਲਾਕ ਕਾਰਵਾਈਆਂ ਵੀ ਕੀਤੀਆਂ। ਇਨ੍ਹਾਂ ਵਿੱਚ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਚੱਲੀ ਗੋਲੀ ਅਤੇ ਗਾਰਗੀ ਕਾਲਜ ਵਿੱਚ ਲੜਕੀਆਂ ਨਾਲ ਕੀਤੀ ਗਈ ਯੌਨ ਹਿੰਸਾ ਸ਼ਾਮਲ ਹੈ। ਦਿੱਲੀ ਪੁਲਿਸ ਦੀ ਬੇਰਹਿਮੀ ਅਤੇ ਇਕਪਾਸੜਤਾ ਕਈ ਮੌਕਿਆਂ 'ਤੇ ਸਾਹਮਣੇ ਆਈ। ਹਰ ਹਿੰਸਕ ਕਾਰਵਾਈ ਵੇਲੇ 'ਜੈ ਸ੍ਰੀ ਰਾਮ' ਦਾ ਨਾਹਰਾ ਬੁਲੰਦ ਕੀਤਾ ਗਿਆ।
         ਜ਼ਾਹਰ ਹੈ ਕਿ ਬੀਜੇਪੀ ਨੇ ਆਪਣੀ ਹਿੰਦੂਤਵੀ ਮਜ਼ਬੂਤ ਪਿੱਚ 'ਤੇ ਖਲੋ ਕੇ ਇਹ ਲੜਾਈ ਲੜੀ! ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੇਜਰੀਵਾਲ ਨੇ ਵੀ ਕੋਈ ਸੈਕੂਲਰ ਏਜੰਡਾ ਨਹੀਂ ਅਪਣਾਇਆ। ਉਸ ਨੇ ਆਪਣੇ ਇੱਕ ਟੀ. ਵੀ. ਇੰਟਰਵਿਊ ਵਿੱਚ ਆਪਣੇ 'ਹਨੂੰਮਾਨ ਭਗਤ' ਹੋਣ ਦਾ ਸਬੂਤ ਦੇਂਦਿਆਂ, ਹਨੂੰਮਾਨ ਚਾਲੀਸਾ, ਜ਼ੁਬਾਨੀ ਸੁਣਾਇਆ। ਚੋਣ ਪੱਤਰ ਦਾਖਲ ਹੋਣ ਤੋਂ ਲੈ ਕੇ ਨਤੀਜੇ ਆਉਣ ਤੱਕ ਉਹ ਤਿੰਨ ਵਾਰ ਪੂਰੀ ਮੀਡੀਆ ਸਰਕਸ ਲੈ ਕੇ ਹਨੂੰਮਾਨ ਮੰਦਰ ਗਿਆ। ਉਸ ਨੇ ਦਿੱਲੀ ਦੇ ਬਹੁਗਿਣਤੀ ਹਿੰਦੂਆਂ ਨੂੰ ਆਪਣੇ ਸੱਚੇ ਹੋਣ ਦਾ ਵਾਰ-ਵਾਰ ਸਬੂਤ ਦਿੱਤਾ। ਬਾਕੀ ਪਾਰਟੀ ਨੇਤਾਵਾਂ ਨੇ ਵੀ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ। ਭਗਵੰਤ ਮਾਨ ਦੇ ਮੱਥੇ 'ਤੇ ਲੱਗਾ ਹੋਇਆ ਟਿੱਕਾ ਦੱਸਦਾ ਸੀ ਕਿ ਬਹੁਗਿਣਤੀ ਰਾਜ ਦਾ ਗਲਬਾ ਕਿਸ ਨੂੰ ਕਹਿੰਦੇ ਹਨ!
         ਚੋਣ ਨਤੀਜਿਆਂ ਵਿੱਚ ਆਪ 62 ਸੀਟਾਂ ਲੈ ਕੇ ਜੇਤੂ ਰਹੀ ਅਤੇ ਬੀਜੇਪੀ ਨੂੰ 8 ਸੀਟਾਂ ਮਿਲੀਆਂ। ਕਾਂਗਰਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਕੋਈ ਸੀਟ ਨਹੀਂ ਮਿਲੀ। ਪਿਛਲੀਆਂ ਵਿਧਾਨ ਸਭਾ ਚੋਣਾਂ ਇਸ ਵਾਰ ਬੀਜੇਪੀ ਵਲੋਂ ਜਿੱਤੀਆਂ ਗਈਆਂ ਸੀਟਾਂ ਦੀ ਗਿਣਤੀ ਤਿੰਨ ਤੋਂ ਵਧ ਕੇ ਅੱਠ ਹੋ ਗਈ। ਕਾਂਗਰਸ ਨੂੰ ਨਾ ਸਿਰਫ ਕੋਈ ਵੀ ਸੀਟ ਨਹੀਂ ਮਿਲੀ ਬਲਕਿ ਉਸ ਦਾ ਵੋਟ ਪ੍ਰਤੀਸ਼ਤ ਵੀ ਪਿਛਲੀਆਂ ਚੋਣਾਂ ਦੇ ਮੁਕਾਬਲੇ 5 ਫੀਸਦੀ ਘਟਿਆ।
         ਇਸ ਜ਼ਬਰਦਸਤ ਜਿੱਤ ਤੋਂ ਬਾਅਦ ਕੇਜਰੀਵਾਲ ਹਨੂੰਮਾਨ ਮੰਦਰ ਗਏ ਅਤੇ ਪੂਜਾ ਕੀਤੀ। ਜਿੱਤਣ ਤੋਂ ਬਾਅਦ ਕੀਤੇ ਆਪਣੇ ਪਹਿਲੇ ਭਾਸ਼ਣ ਵਿੱਚ ਕੇਜਰੀਵਾਲ ਨੇ ਕਿਹਾ, ''ਅੱਜ ਮੰਗਲਵਾਰ ਦਾ ਦਿਨ ਹੈ, ਹਨੂੰਮਾਨ ਜੀ ਦਾ ਦਿਨ! ਹਨੂੰਮਾਨ ਜੀ ਨੇ ਦਿੱਲੀ 'ਤੇ ਕਿਰਪਾ ਬਰਸਾਈ ਹੈ। ਹਨੂੰਮਾਨ ਜੀ ਦਾ ਧੰਨਵਾਦ।' ਆਪਣੇ ਭਾਸ਼ਣ ਦੀ ਸਮਾਪਤੀ 'ਤੇ ਕੇਜਰੀਵਾਲ ਨੇ ਤਿੰਨ ਨਾਹਰੇ ਲਾਏ-
'ਭਾਰਤ ਮਾਤਾ ਕੀ ਜੈ।'
'ਵੰਦੇ ਮਾਤਰਮ।'
'ਇਨਕਲਾਬ-ਜਿੰਦਾਬਾਦ।'
         ਜ਼ਾਹਰ ਹੈ ਕਿ ਦਿੱਲੀ ਵਿੱਚ ਕੇਜਰੀਵਾਲ ਪਾਰਟੀ ਦੀ ਜਿੱਤ ਹਿੰਦੂਤਵੀ ਏਜੰਡੇ ਦੀ ਜਿੱਤ ਹੀ ਹੈ। ਇਸਨੂੰ ਸੋਸ਼ਲ ਮੀਡੀਏ ਅਤੇ ਸਿਆਸੀ ਹਲਕਿਆਂ ਵਿੱਚ ਹਨੂੰਮਾਨ ਦੀ ਰਾਮ 'ਤੇ ਜਿੱਤ ਵਜੋਂ ਬਿਆਨਿਆ ਜਾ ਰਿਹਾ ਹੈ। ਪਰ ਹਕੀਕਤ ਇਹ ਹੈ ਕਿ ਮਿਥਿਹਾਸ ਅਨੁਸਾਰ ਵੀ ਹਨੂੰਮਾਨ ਜਿੰਨਾ ਮਰਜ਼ੀ ਮਹਾਂਬਲੀ ਹੋਵੇ ਪਰ ਉਹ ਰਹਿੰਦਾ ਰਾਮ-ਭਗਤ ਹੀ ਹੈ ਭਾਵ ਕੇਜਰੀਵਾਲ ਵੀ ਹਿੰਦੂਤਵੀ ਏਜੰਡੇ ਦਾ
ਸਿਪਾਹ-ਸਿਲਾਰ ਹੀ ਹੈ- ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਦਿੱਲੀ ਵਿੱਚ ਇੱਕ ਅੰਦਾਜ਼ੇ ਮੁਤਾਬਿਕ 25 ਲੱਖ ਦੇ ਕਰੀਬ ਮੁਸਲਮਾਨ ਰਹਿੰਦੇ ਹਨ ਅਤੇ 10 ਲੱਖ ਤੋਂ ਜ਼ਿਆਦਾ ਸਿੱਖ ਅਬਾਦੀ ਹੈ। ਪਰ ਇਨ੍ਹਾਂ ਚੋਣਾਂ ਵਿੱਚ ਕੇਜਰੀਵਾਲ ਜਾਂ ਬੀਜੇਪੀ ਨੇ ਦੋਹਾਂ ਕੌਮਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ। ਸਾਬਕਾ ਆਗੂ ਯੋਗਿੰਦਰ ਯਾਦਵ ਅਨੁਸਾਰ, ਕੇਜਰੀਵਾਲ ਨੂੰ ਪਤਾ ਸੀ ਕਿ ਇਨ੍ਹਾਂ ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ, ਰੋ ਪਿੱਟ ਕੇ ਅਖੀਰ ਇਹ ਸਾਡੇ ਖਾਤੇ ਵਿੱਚ ਹੀ ਪੈਣਗੇ। 2014 ਅਤੇ 2019 ਦੀਆਂ ਪਾਰਲੀਮਾਨੀ ਚੋਣਾਂ ਅਤੇ ਹੁਣ ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿਚਲੇ 20 ਕਰੋੜ ਮੁਸਲਮਾਨ ਹੁਣ ਅਪ੍ਰਸੰਗਿਕ ਹੋ ਚੁੱਕੇ ਹਨ। ਹੁਣ ਸਾਰੀਆਂ ਪਾਰਟੀਆਂ ਦਾ ਜ਼ੋਰ ਹਿੰਦੂ ਬਹੁਗਿਣਤੀ ਨੂੰ ਪਤਿਆਉਣ 'ਤੇ ਹੀ ਲਗਦਾ ਹੈ। ਐਨ. ਪੀ. ਆਰ. ਜਾਂ ਐਨ. ਪੀ. ਸੀ. ਵਰਗੇ ਕਾਨੂੰਨ ਮੁਸਲਮਾਨਾਂ ਨੂੰ ਕਾਨੂੰਨੀ ਤੌਰ 'ਤੇ 'ਗੈਰ-ਸ਼ਹਿਰੀ' ਬਣਾਉਣ ਲਈ ਹਨ ਤਾਂ ਕਿ ਉਨ੍ਹਾਂ ਦਾ ਵੋਟ ਦਾ ਹੱਕ ਹੀ ਖਤਮ ਕਰ ਦਿੱਤਾ ਜਾਵੇ। ਜਿਹੜਾ ਕੋਈ ਮੁਸਲਮਾਨ ਚਿਹਰਾ ਰਾਸ਼ਟਰੀ ਪਾਰਟੀਆਂ ਨੇ ਨਮੂਨੇ ਦੇ ਤੌਰ 'ਤੇ ਰੱਖਿਆ ਵੀ ਹੋਇਆ ਹੈ, ਉਹ ਹਿੰਦੂਤਵੀਆਂ ਨਾਲੋਂ ਵੀ ਉੱਚੀ ਅਵਾਜ਼ ਵਿੱਚ 'ਭਾਰਤ ਮਾਤਾ ਕੀ ਜੈ' ਅਤੇ 'ਵੰਦੇ ਮਾਤਰਮ' ਕਰ ਰਿਹਾ ਹੈ। ਆਰ. ਐਸ. ਐਸ. ਦਾ ਏਜੰਡਾ ਪੂਰੀ ਤਰ੍ਹਾਂ ਸਫਲ ਹੋ ਚੁੱਕਾ ਹੈ। ਆਰ. ਐਸ. ਐਸ. ਦੇ ਇੱਕ ਪ੍ਰਮੁੱਖ ਨੇਤਾ ਨੇ ਠੀਕ ਹੀ ਕਿਹਾ ਹੈ - 'ਬੀਜੇਪੀ ਦੀ ਹਾਰ ਦਾ ਮਤਲਬ ਇਹ ਨਹੀਂ ਹੈ ਕਿ ਜਿੱਤਣ ਵਾਲੇ ਹਿੰਦੂਤਵੀ ਦੇ ਵਿਰੋਧੀ ਹਨ।'
          30 ਮਿਲੀਅਨ ਸਿੱਖ ਕੌਮ ਲਈ ਇਹ ਇੱਕ ਗੰਭੀਰ ਵਿਚਾਰ ਦੀ ਘੜੀ ਹੈ। ਜੇ ਭਾਰਤ ਵਿਚਲੇ 20 ਕਰੋੜ ਮੁਸਲਮਾਨ ਕੌਡੀਓਂ ਖੋਟੇ ਹੋ ਗਏ ਹਨ ਤਾਂ 3 ਕਰੋੜ ਸਿੱਖਾਂ ਨੇ ਕੀ ਖੱਟਣਾ-ਵੱਟਣਾ ਹੈ? ਸਿੱਖ ਕੌਮ ਦੇ ਬਚਾਅ ਦਾ ਇੱਕੋ-ਇੱਕ ਰਸਤਾ ਖਾਲਿਸਤਾਨ ਦੀ ਕਾਇਮੀ ਹੈ।
                          ਖਾਲਿਸਤਾਨ-ਜ਼ਿੰਦਾਬਾਦ!

© 2011 | All rights reserved | Terms & Conditions